ਅਸ਼ੋਕ ਵਰਮਾ
ਬਠਿੰਡਾ, 26 ਮਈ 2020 - ਬਠਿੰਡਾ ਦੀਆਂ ਹਿੰਦੂ ਜੱਥੇਬੰਦੀਆਂ ਨੇ ਰਵੀਨਾਂ ਲਾਲ ਵਿਆਹ ਕਰਵਾਉਣ ਵਾਲੇ ਦੀਪਕ ਕੁਮਾਰ ਦੇ ਪ੍ਰੀਵਾਰ ਖਿਲਾਫ ਕਾਰਵਾਈ ਨਾ ਕਰਨ ਅਤੇ ਭਾਜਪਾ ਆਗੂ ਸੁਖਪਾਲ ਸਰਾਂ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਸਾੜਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾਈ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕੱਪੜਾ ਬਾਜਾਰ ਦੀ ਰਹਿਣ ਵਾਲੀ ਲੜਕੀ ਲਵ ਜੇਹਾਦ ਕਾਰਨ ਘਰੋਂ ਗਾਇਬ ਹੋ ਗਈ ਸੀ, ਜਿਸ ਦੀ ਖਬਰ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਪਰਿਵਾਰ ਸਮਾਜਿਕ ਸੰਗਠਨਾਂ ਕੋਲ ਆਇਆ ਸੀ। ਉਨ੍ਹਾਂਆਖਿਆ ਕਿ ਭਾਜਪਾ ਆਗੂ ਸੁਖਪਾਲ ਸਰਾਂ ਨੇ ਪੁਲਿਸ ਨੂੰ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਲਵ ਜੇਹਾਦ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਰਾਜਨੀਤਿਕ ਦਬਾਅ ਕਾਰਨ ਪੁਲਿਸ ਨੇ ਸੁਖਪਾਲ ਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਪੁਲਿਸ ਨੇ ਲਵ ਜੇਹਾਦ ਫੈਲਾਉਣ ਵਾਲਿਆਂ ’ਤੇ ਕੇਸ ਦਰਜ ਕਰਕੇ ਗ੍ਰਿਫਤਾਰ ਨਾ ਕੀਤਾ ਅਤੇ ਸੁਖਪਾਲ ਸਰਾਂ ਵਿਰੁੱਧ ਮੁਕੱਦਮਾ ਵਾਪਿਸ ਨਾ ਲਿਆ ਤਾਂ ਹਿੰਦੂ ਜੱਥੇਬੰਦੀਆਂ ਸੰਘਰਸ਼ ਨੂੰ ਤੇਜ ਕਰ ਦੇਣਗੀਆਂ।
ਦੱਸਣਯੋਗ ਹੈ ਕਿ ਬਠਿੰਡਾ ’ਚ ਦੀਪਕ ਅਤੇ ਰਵੀਨਾਂ ਨੇ ਵਿਆਹ ਕਰਵਾਇਆ ਹੈ ਜਿਸ ਨੂੰ ਲਵ ਜਿਹਾਦ ਕਰਾਰ ਦੇ ਕੇ ਹਿੰਦੂ ਆਗੂ ਵਿਰੋਧ ਕਰ ਰਹੇ ਹਨ ਜਿਨ੍ਹਾਂ ’ਚ ਸੁਖਪਾਲ ਸਰਾਂ ਵੀ ਸ਼ਾਮਲ ਹੈ। ਸੋਮਵਾਰ ਸ਼ਾਮ ਨੂੰ ਦੀਪਕ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਸਰਾਂ ਅਤੇ ਲੜਕੀ ਦੇ ਮਾਪਿਆਂ ਆਦਿ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ। ਪੁਲਿਸ ਨੇ ਅੱਜ ਸੁਖਪਾਲ ਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਹਿੰਦੂ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਹਨ।