ਜੀ ਐਸ ਪੰਨੂ
ਪਟਿਆਲਾ, 26 ਮਈ 2020 - ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕੋਈ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਨਹੀ ਹੋਇਆ। ਇਹ ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਲਏ 258 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸਾਰੇ ਹੀ ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ, ਜੋ ਕਿ ਜ਼ਿਲ੍ਹੇ ਲਈ ਇੱਕ ਰਾਹਤ ਭਰੀ ਖਬਰ ਹੈ।
ਉਹਨਾਂ ਦੱਸਿਆਂ ਕਿ ਬੀਤੇ ਦਿਨੀਂ ਰਾਜਪੁਰਾ ਦੇ ਗਰਗ ਕਲੋਨੀ ਦੀ ਪਾਜ਼ੀਟਿਵ ਆਈ 20 ਸਾਲਾ ਔਰਤ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਗਾਈਡਲਾਈਨਜ ਅਨੁਸਾਰ ਵਿਦੇਸ਼ਾ ਤੋਂ ਆਏ ਯਾਤਰੂ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਹੋਟਲਾਂ, ਗੁਰਦੁਆਰਾ ਸਾਹਿਬ ਵਿੱਚ ਏਕਾਂਤਵਾਸ ਵਿਚ ਰਹਿ ਰਹੇ ਹਨ, ਉਹਨਾਂ ਦੇ ਵੀ ਕੋਵਿਡ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 9 ਯਾਤਰੂਆਂ ਦੇ ਸੈਂਪਲ ਲਏ ਗਏ।
ਸੋ ਇਸ ਸਮੇਂ 113 ਦੇ ਕਰੀਬ ਵਿਦੇਸ਼ਾਂ ਤੋਂ ਆਏ ਯਾਤਰੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਹੋਟਲਾਂ, ਗੁਰਦੁਆਰਾ ਸਾਹਿਬ ਵਿਚ ਬਣਾਏ ਏਕਾਂਤਵਾਸ ਵਿਚ ਰਹਿ ਰਹੇ ਹਨ। ਡਾ.ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 296 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਉਹਨਾਂ ਕਿਹਾ ਕਿ ਕੋਵਿਡ ਜਾਂਚ ਲਈ ਜ਼ਿਆਦਾਤਰ ਸੈਂਪਲ ਬਾਹਰੀ ਰਾਜਾਂ/ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਫਲੂ ਲੱਛਣਾ ਵਾਲੇ ਵਿਅਕਤੀਆਂ, ਪੁਲਿਸ ਮੁਲਾਜਮਾਂ, ਗਰਭਵਤੀ ਔਰਤਾਂ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਦੇ ਲਏ ਜਾ ਰਹੇ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਪਿੰਡ ਧਨੇਠਾ ਦਾ ਰਹਿਣ ਵਾਲੇ 52 ਸਾਲਾ ਵਿਅਕਤੀ ਨੂੰ ਕੋਰੋਨਾ ਤੋਂ ਠੀਕ ਹੋਣ 'ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 101 ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 3945 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 112 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 3537 ਨੈਗਟਿਵ ਅਤੇ 296 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਰਹਿ ਗਈ ਹੈ।