ਲੁਧਿਆਣਾ, 27 ਮਈ 2020 - ਜ਼ਿਲ੍ਹਾ ਸਿਹਤ ਵਿਭਾਗ ਵਲੋਂ 26 ਮਈ ਨੂੰ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦੇ ਨਤੀਜੇ 'ਚ ਏਅਰ ਇੰਡੀਆ ਦੇ ਸਕਿਓਰਟੀ ਸਟਾਫ ਦੇ ਕਰਮਚਾਰੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਉਪਰੋਕਤ 50 ਸਾਲਾ ਕਰਮਚਾਰੀ 25 ਮਈ ਨੂੰ ਏਅਰ ਇੰਡੀਆ ਦੀ ਫਲਾਈਟ ਤੋਂ ਸਾਹਨੇਵਾਲ ਪੁੱਜਾ ਸੀ, ਉਪਰੋਕਤ ਕਰਮਚਾਰੀ ਦਿੱਲੀ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਬਾਕੀ ਦੇ ਸਾਰੇ ਸਟਾਫ ਅਤੇ ਯਾਤਰੀਆਂ ਨੂੰ ਕੁਆਰੰਨਾਈਨ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫਲਾਈਟ 'ਚ 10 ਹੋਰ ਯਾਤਰੀ ਵੀ ਸ਼ਾਮਲ ਸਨ, ਪਰ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਕੁੱਲ ਤਿੰਨ ਪਾਜ਼ੀਟਿਵ ਕੇਸਾਂ 'ਚ ਪਤੀ-ਪਤਨੀ ਸ਼ਾਮਿਲ ਹਨ ਜੋ ਕਿ ਡੇਹਲੋਂ ਨੇੜੇ ਪਿੰਡ ਖਾਨਪੁਰ ਦੇ ਵਸਨੀਕ ਸ਼ਾਮਲ ਹਨ। ਉਹ ਦੋਵੇਂ 23 ਮਈ ਨੂੰ ਪੱਛਮੀ ਬੰਗਾਲ ਤੋਂ ਵਾਪਸ ਪਰਤੇ ਸਨ, ਜੋ ਤੀਜਾ ਪਾਜ਼ੀਟਿਵ ਕੇਸ ਹੈ ਉਹ ਏਅਰ ਇੰਡੀਆ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਹੈ ਅਤੇ ਦਿੱਲੀ ਦਾ ਸਥਾਈ ਨਿਵਾਸੀ ਹੈ। ਉਹ ਸਾਹਨੇਵਾਲ ਹਵਾਈ ਅੱਡੇ ‘ਤੇ ਘਰੇਲੂ ਉਡਾਣ ਰਾਹੀਂ 25 ਮਈ, 2020 ਨੂੰ ਦਿੱਲੀ ਤੋਂ ਵਾਪਸ ਆਇਆ ਸੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 6143 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 5968 ਦੀ ਰਿਪੋਰਟ ਪ੍ਰਾਪਤ ਹੋਈ ਹੈ, 5701 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਹੈ ਅਤੇ ਜਦੋਂ ਕਿ 175 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁੱਲ ਮਰੀਜ਼ਾਂ ਦੀ ਗਿਣਤੀ 181 ਹੈ, ਜਦੋਂ ਕਿ 86 ਮਰੀਜ਼ ਹੋਰ ਜ਼ਿਲ੍ਹਿਆਂ /ਸੂਬਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ 7 ਅਤੇ ਹੋਰ ਜ਼ਿਲ੍ਹਿਆਂ ਦੇ 5 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 139 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।