ਸੰਜੀਵ ਸੂਦ
- ਫਿਲਹਾਲ ਦੇ ਲਈ ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ
ਲੁਧਿਆਣਾ, 27 ਮਈ 2020 - ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਬੀਤੇ ਚਾਰ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਪਰ ਹੁਣ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਂਦੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਕੁੱਝ ਨਿਜਾਤ ਮਿਲ ਸਕਦੀ ਹੈ, ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ ਜੋ ਪੰਜਾਬ ਦੇ ਵਿੱਚ ਇੱਕ ਦੋ ਦਿਨ 'ਚ ਐਕਟਿਵ ਹੋ ਜਾਵੇਗੀ ਅਤੇ ਪਾਰੇ ਵਿੱਚ ਕੁੱਝ ਗਿਰਾਵਟ ਦਰਜ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਮੌਨਸੂਨ ਸਮੇਂ ਸਿਰ ਆਉਂਦਾ ਵਿਖਾਈ ਦੇ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇੱਕ ਫੈਸਟ ਡਿਸਟੈਂਸ ਪੰਜਾਬ ਵੱਲ ਮੂਵ ਹੋ ਰਹੀ ਹੈ ਜੋ ਲੋਕਾਂ ਨੂੰ ਗਰਮੀ ਤੋਂ ਕੁਝ ਨਿਜਾਤ ਜ਼ਰੂਰ ਦਿਵਾਏਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਮਈ ਮਹੀਨੇ ਦੇ ਵਿੱਚ ਪਾਰਾ ਇਸ ਤੋਂ ਵੀ ਵੱਧ ਹੁੰਦਾ ਹੈ ਪਰ ਬੀਤੇ ਦਿਨੀਂ ਮੌਸਮ ਕੁਝ ਠੰਢਾ ਰਹਿਣ ਕਰਕੇ ਹੁਣ ਲੋਕਾਂ ਨੂੰ ਥੋੜ੍ਹੀ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਉਹ ਮੌਨਸੂਨ ਨੂੰ ਸਮੇਂ ਸਿਰ ਪੰਜਾਬ ਵੱਲ ਦਸਤਕ ਦੇਣ 'ਚ ਵੀ ਕੁੱਝ ਮਦਦ ਜ਼ਰੂਰ ਕਰੇਗਾ।