ਪਰਵਿੰਦਰ ਸਿੰਘ ਕੰਧਾਰੀ
- ਗਰੀਬ ਕਲਿਆਣ ਅੰਨ ਯੋਜਨਾ ਸਕੀਮ ਅਧੀਨ 15 ਕਿਲੋ ਪ੍ਰਤੀ ਜੀਅ ਅਤੇ 3 ਕਿੱਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਦਿੱਤਾ ਗਿਆ ਮੁਫਤ ਰਾਸ਼ਨ
ਜੈਤੋ/ਫਰੀਦਕੋਟ, 27 ਮਈ 2020 - ਪੰਜਾਬ ਸਰਕਾਰ ਵੱਲੋਂ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 15 ਕਿਲੋ ਪ੍ਰਤੀ ਜੀਅ ਅਤੇ 3 ਕਿੱਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਜਿਲੇ ਦੇ ਕੁੱਲ 84746 ਸਮਾਰਟ ਰਾਸ਼ਨ ਕਾਰਡ ਧਾਰਕਾਂ ਵਿੱਚੋਂ 69231 ਪਰਿਵਾਰਾਂ ਨੂੰ ਮੁਫਤ ਰਾਸ਼ਨ ਦੀ ਵੰਡ ਕਰ ਦਿੱਤੀ ਗਈ ਸੀ ਅਤੇ ਇਸੇ ਕੜੀ ਤਹਿਤ ਬਾਕੀ ਬਚਦੇ 15515 ਪਰਿਵਾਰਾਂ ਨੂੰ ਅੱਜ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜ਼ਸਪ੍ਰੀਤ ਸਿੰਘ ਕਾਹਲੋ ਨੇ ਦਿੱਤੀ।
ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਦੂਸਰੇ ਵਿਭਾਗਾਂ ਦੀ ਤਰਾਂ ਮੋਹਰੀ ਹੋ ਕੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ 440 ਕੁਇੰਟਲ ਵਿਚੋਂ 415 ਕੁਇੰਟਲ ਕਣਕ ਦੀ ਵੰਡ ਅੱਜ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਅਤੇ ਪ੍ਰਵਾਸੀ ਮਜਦੂਰਾਂ ਵਿੱਚ ਪਿੰਡ ਰਾਮੇਆਣਾ ਜੈਤੋ ਵਿਖੇ ਕੀਤੀ ਗਈ ਅਤੇ ਇਹ ਕੰਮ ਕਰਨ ਲਈ ਵਿਭਾਗੀ ਅਧਿਕਾਰੀ/ਕਰਮਚਾਰੀ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ ਇਹ ਕੰਮ ਲਗਾਤਾਰ ਜਾਰੀ ਹੈ।
ਜਸਪ੍ਰੀਤ ਸਿੰਘ ਕਾਹਲੋ ਨੇ ਦੱਸਿਆ ਕਿ ਲੋੜਵੰਦਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਊਣਤਾਈਆਂ/ਖਾਮੀਆਂ ਪਾਏ ਜਾਣ ਤੇ ਜਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।