ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫ਼ਾਜਿਲਕਾ, 27 ਮਈ :
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ 1503 ਕਰੋੜ 81 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਕਿਸਾਨਾਂ ਨੂੰ 48 ਘੰਟਿਆਂ ਵਿੱਚ ਕਰਨੀ ਯਕੀਨੀ ਬਣਾਉਣ ਲਈ ਸਮੂਹ ਖਰੀਦ ਏਜੰਸੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ, ਖੁਰਾਕ ਮੰਤਰਾਲਾ ਨਵੀਂ ਦਿੱਲੀ ਵੱਲੋਂ ਰਬੀ ਸੀਜ਼ਨ 2020-21 ਦੌਰਾਨ ਪੰਜਾਬ ਰਾਜ ਵਿਚ ਕਣਕ ਦੀ ਸਰਕਾਰੀ ਖਰੀਦ ਦੇ ਸੀਜ਼ਨ ਦਾ ਸਮਾਂ ਮਿਤੀ 15 ਅਪ੍ਰੈਲ 2020 ਤੋਂ 31 ਮਈ 2020 ਤੱਕ ਦਾ ਨਿਰਧਾਰਤ ਕੀਤਾ ਗਿਆ ਹੈ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 31 ਮਈ, 2020 ਤੋਂ ਪਹਿਲਾਂ-ਪਹਿਲਾਂ ਆਪਣੀ ਕਣਕ ਵਿਕਰੀ ਲਈ ਮੰਡੀਆਂ ਵਿੱਚ ਲਿਆਉਣ ਤਾਂ ਜੋ ਕੋਈ ਵੀ ਕਿਸਾਨ ਆਪਣੀ ਫਸਲ ਮੰਡੀ ਵਿਚ ਵੇਚਣ ਤੋਂ ਵਾਝਾਂ ਨਾ ਰਹਿ ਜਾਵੇ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 819899 ਮੀਟਿ੍ਰਕ ਟਨ ਕਣਕ ਦੀ ਆਮਦ ਦੇ ਨਾਲ-ਨਾਲ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ 224747 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 225178 ਮੀਟਿ੍ਰਕ ਟਨ, ਪਨਸਪ ਵੱਲੋਂ 195403 ਮੀਟਿ੍ਰਕ ਟਨ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 118959 ਮੀਟਿ੍ਰਕ ਟਨ ਅਤੇ ਐੱਫ਼. ਸੀ. ਆਈ. ਵੱਲੋਂ 55612 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।