ਮਨਿੰਦਰਜੀਤ ਸਿੱਧੂ
- ਕਿਸਾਨਾਂ ਨੂੰ ਕੋਰੋਨਾ ਦਾ ਯੋਧਾ ਐਲਾਨਿਆ ਜਾਵੇ- ਨਾਇਬ ਸਿੰਘ ਭਗਤੂਆਣਾ
ਜੈਤੋ, 27 ਮਈ 2020 - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਅੱਜ ’ਕਿਸਾਨ ਬਚਾਉ-ਦੇਸ਼ ਬਚਾਉ’ ਦਿਵਸ ਮਨਾਇਆ ਗਿਆ।ਸਮੁੱਚੇ ਭਾਰਤ ਭਰ ਚੋਂ ਵੱਖ ਵੱਖ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਮੰਗਾਂ, ਕਰੋਨਾਂ ਮਹਾਂਮਾਰੀ ਅਤੇ ਸਰਕਾਰ ਵੱਲੋਂ ਬਿਨਾਂ ਤਿਆਰੀ ਤੋਂ ਲਾਗੂ ਕੀਤੇ ਲੌਕ ਡਾਊਨ ਕਰਕੇ ਉਪਜੀਆਂ ਮੰਗਾਂ, ਅਤੇ ਹੁਣੇ ਹੁਣੇ ਸਰਕਾਰੇ ਵੱਲੋਂ 20 ਲੱਖ ਕਰੋੜ ਦੇ ਕਿਸਾਨ ਪੈਕੇਜ ਦੇ ਪਰਦੇ ਥੱਲੇ ਖੇਤੀ ਦੇ ਨਿਗ਼ਮੀਕਰਣ ਅਤੇ ਨਿਜੀਕਰਣ ਦੇ ਲਏ ਗਏ ਫੈਸਲਿਆਂ ਸਬੰਧੀ ਮੰਗਾਂ ਦੇ ਮੰਗ ਪੱਤਰ ਭੇਜੇ ਗਏ। ਇਸ ਪ੍ਰੋਗਰਾਮ ਦੇ ਤਹਿਤ ਅੱਜ ਸਬ-ਡਵੀਜ਼ਨ ਜੈਤੋ ਵਿਖੇ ਐੱਸ.ਡੀ.ਐੱਮ. ਜੈਤੋ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਭਗਤੂਆਣਾ ਨੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਕਰੋਨਾਂ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਵਾਸਤੇ 20 ਲੱਖ ਕਰੋੜ ਦੇ ਪੈਕੇਜ, ਜਿਸ ਵਿਚੋਂ ਕਿਸਾਨਾਂ ਪੱਲੇ ਕਾਣੀ ਕੌਡੀ ਵੀ ਨਹੀਂ ਪਈ ਦੇ ਪਰਦੇ ਪਿੱਛੇ ਸੰਸਾਰ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦਿਆਂ ਖੇਤੀ ਪੈਦਾਵਾਰ ਮਾਰਕੀਟ ਕਮੇਟੀ ਕਾਨੂੰਨ ਅਤੇ ਜਰੂਰੀ ਵਸਤਾਂ ਕਾਨੂੰਨ ਦਾ ਭੋਗ ਪਾਕੇ, ਠੇਕਾ ਖੇਤੀ ਕਾਨੂੰਨ, ਕੇਂਦਰੀਕਿ੍ਰਤ ਇਲੈਕਟਰਾਨਿਕ ਦੇਸ਼ ਵਿਆਪੀ ਖੇਤੀ ਮੰਡੀ, ਸਬਸਿਡੀਆਂ ਬੰਦ ਕਰਨ ਅਤੇ ਖੇਤੀ ਸੈਕਟਰ ਵਿੱਚ ਸੱਟਾ ਬਾਜ਼ਾਰੀ ਨੂੰ ਲਾਗੂ ਕਰਨ ਵੱਲ ਇੱਕ ਵੱਡਾ ਕਦਮ ਪੁੱਟ ਕੇ ਸਮਰੱਥਨ ਮੁੱਲ ਖਤਮ ਕਰਕੇ ਅਤੇ ਮੰਡੀਆਂ ਅਤੇ ਜਮੀਨ ਦੇ ਅਦਿਗ੍ਰਹਿਣ ਲਈ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਖੂਨੀ ਜੁਬਾੜਿਆਂ ਵਿੱਚ ਸੁੱਟਣ ਲਈ ਰਾਹ ਪੱਧਰਾ ਕਰ ਲਿਆ ਹੈ।
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਮੰਗ ਕਰਦੀ ਹੈ ਕਿ ਉਪਰੋਕਤ ਕਾਰਪੋਰੇਟ ਪੱਖੀ, ਕਿਸਾਨ ਅਤੇ ਦੇਸ਼ ਵਿਰੋਧੀ ਨਿੱਜੀਕਰਣ ਅਤੇ ਨਿਗਮੀਕਰਣ ਦੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਇਸ ਮੌਕੇ ਸਰਬਜੀਤ ਸਿੰਘ ਅਜਿੱਤ ਗਿੱਲ, ਸਰਦੂਲ ਸਿੰਘ ਕਾਸਮ ਭੱਟੀ, ਗੋਰਾ ਸਿੰਘ ਮੱਤਾ, ਬਲਰਾਜ ਸਿੰਘ ਗੁਰੂਸਰ, ਗੁਰਜੀਤ ਸਿੰਘ ਜੈਤੋ, ਧਰਮਪਾਲ ਸਿੰਘ ਰੋੜੀਕਪੂਰਾ ਅਤੇ ਕਰਮਜੀਤ ਸਿੰਘ ਚੈਨਾ ਆਦਿ ਹਾਜਰ ਸਨ।