ਦਿਨੇਸ਼
ਗੁਰਦਾਸਪੁਰ, 27 ਮਾਰਚ 2020 - ਬੀਤੇ ਦਿਨੀਂ ਅਕਾਲੀ ਦਲ ਦੇ ਤੇਜ਼-ਤਰਾਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਟੀ.ਵੀ ਚੈਨਲ ਉੱਪਰ ਡੇਰਾ ਬਾਬਾ ਨਾਨਕ ਦੀ ਇਕ ਬੀਜ ਕੰਪਨੀ ਵੱਲੋਂ ਮੌਜੂਦਾ ਕੈਬਿਨੇਟ ਮੰਤਰੀ ਨਾਲ ਮਿਲੀ ਭੁਗਤ ਕਰ ਕੇ ਬੀਜ ਘੁਟਾਲੇ ਸਬੰਧੀ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਅਕਾਲੀ ਦਲ ਦੇ ਖ਼ੁਲਾਸੇ ਮਗਰੋਂ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਨਾਲ ਐਗਰੋ ਸੀਡ ਕੰਪਨੀ ਦੇ ਮਾਲਕ ਲਖਵਿੰਦਰ ਕੁਮਾਰ ਲੱਕੀ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
ਲੱਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਟਾਈਮ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਆਇਆ ਹੈ ਅਤੇ ਉਸ ਦਾ ਕਸੂਰ ਸਿਰਫ਼ ਏਨਾ ਹੈ। ਕਿ ਇਸ ਵਾਰ ਉਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਸੋਚ ਮੁਤਾਬਿਕ ਸਹੀ ਉਮੀਦਵਾਰ ਸਮਝਦਿਆਂ ਬੀਤੇ ਵਿਧਾਨਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਵੋਟਾਂ ਪਾਈਆਂ। ਕੰਪਨੀ ਮਾਲਕ ਲੱਕੀ ਦਾ ਕਹਿਣਾ ਹੈ ਕਿ ਉਹ ਪੰਜਾਬ ਅੰਦਰ ਚੱਲ ਰਹੀ ਸੌੜੀ ਸਿਆਸਤ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਿਸੇ ਵੀ ਘੁਟਾਲੇ ਵਿੱਚ ਹੱਥ ਨਹੀਂ ਹੈ।
ਉੱਥੇ ਦੂਜੇ ਪਾਸੇ ਬੀਜ ਕੰਪਨੀ ਮਾਲਕ ਲੱਕੀ ਨੇ ਸਖ਼ਤ ਲਹਿਜ਼ੇ ਨਾਲ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੀ ਕੰਪਨੀ ਅਤੇ ਖ਼ੁਦ ਉਨ੍ਹਾਂ ਦੀ ਇਮੇਜ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਸਬੰਧੀ ਉਹ ਚੁੱਪ ਨਹੀਂ ਰਹਿਣਗੇ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਕਾਨੂੰਨ ਦਾ ਸਹਾਰਾ ਲੈਂਦਿਆਂ ਹੋਇਆ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਸਮੇਤ ਉਨ੍ਹਾਂ ਨਿਊਜ਼ ਅਦਾਰਿਆਂ ਨੂੰ ਵੀ ਨੋਟਿਸ ਜਾਰੀ ਕਰਵਾ ਦਿੱਤੇ ਹਨ। ਜਿਨ੍ਹਾਂ ਨੇ ਇਸ ਮੁੱਦੇ ਨੂੰ ਟੈਲੀਕਾਸਟ ਕਰ ਕੇ ਉਨ੍ਹਾਂ ਦੀ ਇਮੇਜ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ।