ਅਸ਼ੋਕ ਵਰਮਾ
ਮਾਨਸਾ, 27 ਮਈ 2020 - ਮਾਨਸਾ ਦੀਆਂ ਸਮਾਜਿਕ ਸੰਸਥਾਵਾਂ ਨੇ ਐਸਐਸਪੀ ਮਾਨਸਾ ਡਾ ਨਰਿੰਦਰ ਭਾਰਗਵ ਨੂੰ ਉਨਾਂ ਵੱਲੋਂ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਹੈ। ਇਸ ਮੌਕੇ ਹਾਜਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਡਾ ਭਾਰਗਵ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਹਾਲੇ ਵੀ ਬਰਕਰਾਰ ਹੈ ਇਸ ਪ੍ਰਤੀ ਅਵੇਸਲਾ ਨਾ ਹੋਇਆ ਜਾਵੇ ਕਿਉਂਕਿ ਦੁਨੀਆਂ ਵਿੱਚ ਹਲੇ ਕੋਰੋਨਾ ਬਿਮਾਰੀ ਦੀ ਕੋਈ ਦਵਾਈ ਨਹੀਂ ਬਣੀ ਹੈ।
ਉਨ੍ਹਾਂ ਕਿਹਾ ਕਿ ਕਈ ਥਾਵਾਂ ਤੇ ਇਹ ਬਿਮਾਰੀ ਦੇ ਕੀਟਾਣੂ ਘੱਟ ਅਤੇ ਕਈ ਥਾਵਾਂ ਤੇ ਵਧੇਰੇ ਹਨ। ਜਿੱਥੇ ਇਕਦਮ ਕੇਸਾਂ ਦੀ ਗਿਣਤੀ ਵਿੱਚ ਕਟੌਤੀ ਹੈ ਉੱਥੇ ਇਸ ਨੂੰ ਬੇਹੱਦ ਸੰਜੀਦਗੀ ਨਾਲ ਲਏ ਜਾਣ ਦੀ ਲੋੜ ਹੈ। ਐੱਸ.ਐੱਸ.ਪੀ ਡਾ: ਭਾਰਗਵ ਨੇ ਕਿਹਾ ਕੋਰੋਨਾ ਦਾ ਵਾਇਰਸ ਹਲੇ ਵੀ ਪਨਪ ਰਿਹਾ ਹੈ ਜੋ ਕਿਸੇ ਵੀ ਵੇਲੇ ਸਾਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਸਰਕਾਰ, ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਮਾਸਕ ਪਾ ਕੇ ਰੱਖਣ ਅਤੇ ਸੈਨੀਟਾਈਜਰ ਦਾ ਇਸਤੇਮਾਲ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਜਿਹੀਆਂ ਸਾਵਧਾਨੀਆਂ ਸਾਨੂੰ ਹੁਣ ਹੋਰ ਵੀ ਗੰਭੀਰਤਾ ਨਾਲ ਰੱਖਣ ਦੀ ਜਰੂਰਤ ਹੈ। ਉਨ੍ਹਾਂ ਮਾਨਸਾ ਵਿੱਚ ਕੋਰੋਨਾ ਪੀੜਤ ਮਰੀਜਾਂ ਦਾ ਖਾਤਮਾ ਹੋਣ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸਾਡੀ ਜਾਗਰੂਕਤਾ ਅਤੇ ਸਿਹਤ ਪ੍ਰਤੀ ਸਾਵਧਾਨੀ ਕੋਰੋਨਾ ਪੀੜਤ ਅੰਕੜਿਆਂ ਵਿੱਚ ਦਿਨਾਂ ਵਿੱਚ ਹੀ ਗਿਰਾਵਟ ਲੈ ਕੇ ਆਈ ਹੈ। ਐੱਸ.ਐੱਸ.ਪੀ ਨੇ ਮਾਨਸਾ ਦੇ ਸਮੂਹ ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ, ਕਰਿਆਨਾ ਰੋਟੇਲ ਪੰਜਾਬ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜੀਆ, ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ ਗਰਗ, ਅਗਰਵਾਲ ਸਭਾ ਜਿਲਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕਿਹਾ ਕਿ ਜਿਲਾ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਜਮੀਨੀ ਤੌਰ ਤੇ ਜੋ ਮਿਹਨਤ ਕੀਤੀ ਉਸ ਦੀ ਮਿਸਾਲ ਸੂਬੇ ਭਰ ਵਿੱਚ ਕਿਤੇ ਨਜਰ ਨਹੀਂ ਆਉਂਦੀ। ਉਨਾਂ ਮੰਗ ਕੀਤੀ ਕਿ ਇਸ ਨੂੰ ਦੇਖਦਿਆਂ ਮਾਨਸਾ ਦੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਤਰੱਕੀ ਦੇ ਕੇ ਸਨਮਾਨੇ ਜਾਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਅਫਸਰਸ਼ਾਹੀ ਲੋਕ ਸੇਵਾ ਦੇ ਸਮੁੱਚੇ ਕਾਰਜ ਤੇਜੀ ਨਾਲ ਕਰ ਸਕਣ।
ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ ਨੇ ਆਪਣੀ ਪੁਲਿਸ ਡਿਊਟੀ ਤੋਂ ਇਲਾਵਾ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਸਹਾਇਤਾ, ਕਿਸਾਨਾਂ ਦੀ ਫਸਲ ਮੰਡੀਆਂ ਤੱਕ ਭੇਜਣ, ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਆਮ ਲੋਕਾਂ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਉਣ ਤੱਕ ਸਾਰੇ ਕਾਰਜਾਂ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਗਰਗ, ਨੈਣਾ ਦੇਵੀ ਪਾਣੀ ਦਲ ਦੇ ਪ੍ਰਧਾਨ ਮੁਕੇਸ਼ ਨਿੱਕਾ, ਨੈਣਾ ਦੇਵੀ ਲੰਗਰ ਟਰੱਸਟ ਦੇ ਪ੍ਰਧਾਨ ਸੰਜੇ ਭੈਣੀ, ਹੇਅਰ ਡਰੈਸਰ ਦੇ ਰਾਜ ਕੁਮਾਰ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਵਿਸ਼ਾਲ ਗੋਲਡੀ, ਪ੍ਰਪੋਰਟੀ ਡੀਲਰ ਦੇ ਪ੍ਰਧਾਨ ਬਲਜੀਤ ਸ਼ਰਮਾ, ਯੂਥ ਕਾਂਗਰਸ ਜਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ ਟੋਨੀ, ਜਗਤ ਰਾਮ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸੰਸਥਾਵਾਂ ਦੇ ਆਗੂ ਮੌਜੂਦ ਸਨ।