ਅਸ਼ੋਕ ਵਰਮਾ
ਬਠਿੰਡਾ, 27 ਮਈ 2020 - ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਵਿਦਿਆਰਥੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਪੀ ਐਸ ਯੂ ਦੇ ਸੂਬਾ ਆਗੂ ਸੰਗੀਤਾ ਰਾਣੀ ਅਤੇ ਜਿਲਾ ਆਗੂ ਸਿਮਰਜੀਤ ਕੌਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵਿਦਿਆਰਥੀਆਂ ਦਾ ਜਿੱਥੇ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ ਉੱਥੇ ਹੀ ਵਿਦਿਆਰਥੀ ਵਰਗ ਲਈ ਕਿਸੇ ਵੀ ਤਰਾਂ ਦੀ ਕੋਈ ਰਾਹਤ ਸਰਕਾਰ ਵੱਲੋਂ ਨਹੀਂ ਹੈ।
ਉਲਟਾ ਫੀਸਾਂ ਦੀ ਮੰਗ ਸਕੂਲਾਂ ਕਾਲਜਾਂ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ 1 ਜੁਲਾਈ ਤੋਂ ਹੀ ਵਿਦਿਆਰਥੀਆਂ ਦੇ ਪੇਪਰ ਲਏ ਜਾਣ ਦੇ ਹੁਕਮ ਦਿੱਤੇ ਗਏ ਹਨ ਪਰ ਪੰਜਾਬ ਸਟੂਡੈਂਟਸ ਯੂਨੀਅਨ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਹੈ, ਕਿਉਂਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਭਾਰਤ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਜਦਕਿ ਉਦੋਂ ਸਮੈਸਟਰ ਸ਼ੁਰੂ ਵੀ ਨਹੀਂ ਹੋਇਆ।
ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦਾ ਫੈਸਲਾ ਕੀਤਾ ਗਿਆ ਪਰ ਭਾਰਤ ਸਰਕਾਰ ਵੱਲੋਂ ਡਿਜੀਟਲ ਇੰਡੀਆ ਦੀ ਸ਼ੋਸ਼ੇਬਾਜ਼ੀ ਦੌਰਾਨ ਜੇਕਰ ਜ਼ਮੀਨੀ ਪੱਧਰ ਤੇ ਵੇਖਿਆ ਜਾਵੇ ਤਾਂ ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਇੰਟਰਨੈਟ ਦੀ ਦੁਨੀਆਂ ਤੋਂ ਕੋਹਾਂ ਦੂਰ ਹੈ ਤਾਂ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਵਿਦਿਆਰਥੀ ਬਿਨਾਂ ਕਲਾਸਾਂ ਲਗਾਏ ਬਿਨਾਂ ਕਿਸੇ ਤਿਆਰੀ ਤੋਂ ਪੇਪਰ ਦੇਣ ਦੇ ਸਮਰਥ ਹੋਣਗੇ।
ਇਸ ਮੌਕੇ ਪੀ ਐਸ ਯੂ ਦੇ ਆਗੂ ਕਿਰਨਜੀਤ ਕੌਰ ,ਆਈ.ਟੀ.ਆਈ ਦੇ ਵਿਦਿਆਰਥੀ ਆਗੂ ਮਨਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਲਈ ਘੱਟੋ ਘੱਟ 1 ਮਹੀਨੇ ਦਾ ਸਮਾਂ ਕਲਾਸਾਂ ਲਾਉਣ ਲਈ ਦਿੱਤਾ ਜਾਵੇ , ਉਸਤੋਂ ਬਾਅਦ ਹੀ ਪੇੋਪਰ ਲਏ ਜਾਣ । ਬਹੁਤ ਸਾਰੇ ਕੋਰਸਾਂ ਦੀਆਂ ਕਿਤਾਬਾਂ ਛਪਾਈ ਅਧੀਨ ਸਨ ਜਿਸ ਕਰਕੇ ਲਾਕ ਡਾਊਨ ਖੁਲਣ ਤੋਂ ਬਾਅਦ ਫੌਰੀ ਤੌਰ ਤੇ ਉਹਨਾਂ ਨੂੰ ਛਪਵਾ ਕੇ ਵਿਦਿਆਰਥੀਆਂ ਤੱਕ ਪਹੁੰਚਦਾ ਕੀਤਾ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੇਪਰ ਲੈਣ ਤੋਂ ਪਹਿਲਾਂ ਮੌਜੂਦਾ ਸਿਲੇਬਸ ਦਾ ਹਿੱਸਾ ਛੋਟਾ ਕੀਤਾ ਜਾਏ , ਕਾਲਜ਼ ਵਿਦਿਆਰਥੀਆਂ ਕੋਲੋਂ ਪੂਰੇ ਸਾਲ ਦੀਆਂ ਫੀਸਾਂ ਪਹਿਲਾਂ ਹੀ ਲੈ ਚੁੱਕੇ ਹਨ ਇਸ ਕਰਕੇ ਵਿਦਿਆਰਥੀਆਂ ਕੋਲੋਂ ਲਈਆਂ ਫੀਸਾਂ ਅਗਲੇ ਸਮੈਸਟਰ ਵਿਚ ਐਡਜਸਟ ਕੀਤੀਆਂ ਜਾਣ , ਈ.ਟੀ.ਟੀ. ਕਰ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਮਹਿਕਮੇ ਵਲੋਂ ਲਿਖਤੀ ਹੁਕਮ ਭੇਜਿਆ ਗਿਆ ਕਿ ਸਕੂਲਾਂ ਵਿਚ 5 ਵਿਦਿਆਰਥੀਆਂ ਦੇ ਦਾਖਲਾ ਨਾ ਕਰਵਾਉਣ ਦੀ ਸੂਰਤ ’ਚ ਅਸੈਸਮੈਂਟ ਨੰਬਰ ਕੱਟਣ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ।
ਸਰਕਾਰ ਵਲੋਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਦਿਆਰਥੀ ਨੁਮਾਇੰਦਿਆਂ ਨੂੰ ਜਰੂਰ ਭਰੋਸੇ ਵਿਚ ਲੈ ਲਿਆ ਜਾਵੇ ਅਤੇ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਵਲੋਂ ਬੁੱਧੀਜੀਵੀ, ਪੱਤਰਕਾਰਾਂ, ਤੇ ਵਿਦਿਆਰਥੀ ਆਗੂਆਂ ਉੱਪਰ ਕੀਤੇ ਪਰਚੇ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੌਰਾਨ ਤਿੱਖਾ ਸੰਘਰਸ਼ ਕੀਤਾ ਜਾਵੇਗਾ।