ਅਸ਼ੋਕ ਵਰਮਾ
ਬਠਿੰਡਾ, 27 ਮਈ 2020 - ਡੈਮੋਕ੍ਰੇਟਿਕ ਟੀਚਰਜ ਫਰੰਟ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਅੱਜ ਪ੍ਰਾਇਮਰੀ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਵਾਉਣ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਜਬਰੀ ਆਨਲਾਈਨ ਪੜ੍ਹਾਈ ਕਰਵਾਉਣ ਦੇ ਦਿੱਤੇ ਆਦੇਸ਼ਾਂ ਖਿਲਾਫ ਡੀ ਈ ਓ ਐਲੀਮੈਂਟਰੀ ਅਤੇ ਡੀ ਈ ਓ ਸੈਕੰਡਰੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਆਗੂਆਂ ਦੀ ਨੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨਾਲ ਮੀਟਿੰਗ ਕੀਤੀ ਜਿਸ ’ਚ ਡੀ ਈ ਓ ਸੈਕੰਡਰੀ ਨਾਲ ਇਹ ਫੈਸਲਾ ਹੋਇਆ ਕਿ 31 ਮਈ ਤੋਂ ਬਾਅਦ ਕਿਸੇ ਵੀ ਅਧਿਆਪਕ ਨੂੰ ਸਕੂਲਾਂ ਵਿੱਚ ਨਹੀਂ ਬੁਲਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ 31 ਮਈ ਤੱਕ ਲੋੜਵੰਦ ਅਧਿਆਪਕਾਂ ਜਿਵੇਂ ਛੋਟੇ ਬੱਚਿਆਂ ਦੀਆਂ ਮਾਵਾਂ,ਅੰਗਹੀਣ , ਦੂਰ ਦਰਾਡੇ ਅਤੇ ਬਾਹਰਲੇ ਜਿਲਿਆਂ ਵਿੱਚੋਂ ਆਉਣ ਵਾਲੇ ਅਧਿਆਪਕਾਂ , ਟਰਾਂਸਪੋਰਟ ਦੀ ਸਮੱਸਿਆ ਕਾਰਨ ਨਾ ਜਾ ਸਕਣ ਵਾਲੇ ਆਧਿਆਪਕਾਂ ਨੂੰ ਛੋਟ ਦੇਣ ਸੰਬੰਧੀ ਤੁਰੰਤ ਹੀ ਸਕੂਲ ਮੁਖੀਆਂ ਨੂੰ ਨਿਰਦੇਸ਼ ਕਰ ਦਿੱਤੇ ਜਾਣਗੇ।ਆਗੂਆਂ ਨੇ ਦੱਸਿਆ ਕਿ ਡੀਈਓ ਪ੍ਰਾਇਮਰੀ ਨਾਲ ਮੀਟਿੰਗ ਦੌਰਾਨ 29 ਮਈ ਨੂੰ ਸਵੇਰੇ 9 ਵਜੇ ਅਤੇ 30 ਨੂੰ ਦੀਆਂ ਪ੍ਰਮੋਸ਼ਨਾਂ ਸ਼ੁਰੂ ਕਰ ਦੇਣ ਦੀ ਸਹਿਮਤੀ ਬਣੀ ਹੈ। ਜਥੇਬੰਦੀ ਨੇ ਇਹ ਫੈਸਲਾ ਕੀਤਾ ਕਿ ਜੇਕਰ ਦਿੱਤੇ ਸਮੇਂ ਤੇ ਪ੍ਰਮੋਸ਼ਨਾਂ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਫਿਜੀਕਲ ਦੂਰੀ ਦਾ ਧਿਆਨ ਰੱਖਦੇ ਹੋਏ ਤੁਰੰਤ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਬਲਾਕ ਪ੍ਰਧਾਨ ਭੁਪਿੰਦਰ ਸਿੰਘ , ਭੋਲਾ ਰਾਮ, ਕੁਲਵਿੰਦਰ ਸਿੰਘ, ਨਵਚਰਨਪ੍ਰੀਤ, ਸਹਾਇਕ ਸਕੱਤਰ ਗੁਰਪ੍ਰੀਤ ਖੇਮੂਆਣਾ ਮੀਤ ਪ੍ਰਧਾਨ ਪ੍ਰਵਿੰਦਰ ਸਿੰਘ ਬੀ ਐੱਡ ਫਰੰਟ ਦੇ ਆਗੂ ਰਾਜਵੀਰ ਮਾਨ, ਐਸ ਐਸ ਰਮਸਾ ਅਧਿਆਪਕ ਯੂਨੀਅਨ ਦੇ ਆਗੂ ਅਪਰਅਪਾਰ ਸਿੰਘ , 6060 ਮਾਸਟਰ ਕੇਡਰ ਯੂਨੀਅਨ ਦੇ ਆਗੂ ਅਨੰਦ ਸਿੰਘ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ ਪੀ ਆਈ ਐਲੀਮੈਂਟਰੀ ਦੁਆਰਾ 22 ਮਈ ਤੱਕ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਕੇ ਡੀ ਓ ਐਲੀਮੈਂਟਰੀ ਨੂੰ ਰਿਪੋਰਟ ਦੇਣ ਲਈ ਲਿਖਤੀ ਹੁਕਮ ਕੀਤੇ ਸਨ। ਪ੍ਰੰਤੂ ਇਸ ਅਧਿਕਾਰੀ ਨੇ ਆਪਣੀ ਜੁੰਮੇਵਾਰੀ ਨਾ ਨਿਭਾਉਂਦਿਆਂ ਜਾਣ ਬੁਝ ਕੇ ਤਰੱਕੀਆਂ ਲੇਟ ਕੀਤੀਆਂ ਹਨ। ਉਨਾਂ ਕਿਹਾ ਕਿ ਜੇਕਰ ਤਰੱਕੀਆਂ ਨਾ ਕੀਤੀਆਂ ਤਾਂ ਦੁਬਾਰਾ ਲਗਾਤਾਰ ਸੰਘਰਸ਼ ਕੀਤਾ ਜਾਵੇਗਾ।