ਪੰਜਾਬ 'ਚ ਇਤਿਹਾਸਕ ਦਿਨ : ਕੈਪਟਨ ਤੇ ਉਹਨਾਂ ਦੇ ਸੀ ਪੀ ਐਸ ਨੇ ਕਈ ਮਹੀਨਿਆਂ ਮਗਰੋਂ ਦਫਤਰ ਲਾਈ ਹਾਜ਼ਰੀ, ਮੁੱਖ ਸਕੱਤਰ ਨੇ ਮੰਗੀ ਮੁਆਫੀ
ਚੰਡੀਗੜ੍ਹ, 27 ਮਈ, 2020 : ਪੰਜਾਬ ਵਿਚ ਅੱਜ ਦਾ ਦਿਨ ਪ੍ਰਸ਼ਾਸਨ ਦੇ ਮਾਮਲੇ ਵਿਚ ਖਾਸ ਤੌਰ 'ਤੇ ਇਤਿਹਾਸਕ ਹੋ ਨਿਬਿੜਆ ਕਿਉਂਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਕਈ ਮਹੀਨਿਆਂ ਮਗਰੋਂ ਪੰਜਾਬ ਸਿਵਲ ਸਕੱਤਰੇਤ ਵਿਚ ਆਪੋ ਆਪਣੇ ਦਫਤਰ ਵਿਚ ਹਾਜ਼ਰੀ ਭਰੀ। ਇਹ ਦਿਨ ਇਸ ਲਈ ਵੀ ਮੀਲ ਪੱਥਰ ਬਣਿਆ ਕਿਉਂਕਿ ਇਸ ਦਿਨੇ ਸੂਬੇ ਦੇ ਮੁੱਖ ਸਕੱਤਰ ਨੇ ਆਪਣੇ ਕਥਿਤ ਅੜਬ ਵਤੀਰੇ ਤੇ ਮਾੜੀ ਬਾਡੀ ਲੈਂਗੁਏਜ ਵਾਸਤੇ ਮੰਤਰੀ ਮੰਡਲ ਤੋਂ ਮੁਆਫੀ ਵੀ ਮੰਗੀ।
27 ਮਈ 2020 ਘੱਟ ਤੋਂ ਘੱਟ ਪ੍ਰਸ਼ਾਸਨ ਦੇ ਮਾਮਲੇ ਵਿਚ ਸੂਬੇ ਦੇ ਇਤਿਹਾਸ ਵਿਚ ਬਹੁਤ ਹੀ ਹੈਰਾਨੀ ਭਰੇ ਦਿਨ ਵਜੋਂ ਦਰਜ ਹੋਇਆ ਹੈ । ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਤਰੀਆਂ ਨਾਲ ਆਪਣੇ ਅੜਬ ਵਤੀਰੇ ਲਈ ਕੈਬਨਿਟ ਤੋਂ ਮੁਆਫੀ ਮੰਗੀ ਜੋ ਸਵੀਕਾਰ ਵੀ ਕਰ ਲਈ ਗਈ। ਕੈਬਨਿਟ ਖਾਸ ਤੌਰ 'ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਮੁਆਫੀ ਸਵੀਕਾਰ ਕਰ ਲਈ ਤੇ ਮਾਮਲੇ ਨੂੰ ਰੱਫਾ ਦੱਫਾ ਕਰਨ ਦਾ ਫੈਸਲਾ ਕੀਤਾ।
ਸੂਬੇ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਸਕੱਤਰ ਨੇ ਮੰਤਰੀਆਂ ਕੋਲੋਂ ਮੁਆਫੀ ਮੰਗੀ ਹੈ। ਅਸਲੀਅਤ ਇਹ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿਚ ਅਜਿਹਾ ਕੋਈ ਵਰਤਾਰਾ ਕਦੇ ਵਾਪਰਿਆ ਹੋਵੇ, ਅਜਿਹਾ ਸੁਣਨ ਵਿਚ ਨਹੀਂ ਆਇਆ।
ਇਸੇ ਤਰ੍ਹਾਂ ਅਜਿਹਾ ਵੀ ਕਦੇ ਨਹੀਂ ਸੁਣਿਆ ਕਿ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਕਈ ਮਹੀਨਿਆਂ ਤੋਂ ਆਪਣੇ ਦਫਤਰ ਹੀ ਨਾ ਆਈ ਹੋਵੇ। ਭਾਵੇਂ ਕਿ ਮੁੱਖ ਮੰਤਰੀ ਲਾਕ ਡਾਊਨ ਵੇਲੇ ਤੋਂ ਆਪਣੀ ਨਿੱਜੀ ਰਿਹਾਇਸ਼ (ਫਾਰਮ ਹਾਊਸ) ਤੋਂ ਕੰਮ ਕਰ ਰਹੇ ਸਨ ਅਤੇ ਉਹ ਆਮ ਦਿਨਾਂ ਵਿਚ ਵੀ ਆਪਣੀ ਸਰਕਾਰੀ ਰਿਹਾਇਸ਼ ਤੋਂ ਕੰਮ ਕਰਦੇ ਸਨ ਪਰ ਉਹਨਾਂ ਦੀ ਪੰਜਾਬ ਸਿਵਲ ਸਕੱਤਰੇਤ ਦੇ ਦਫਤਰ ਵਿਚੋਂ ਗੈਰ ਹਾਜ਼ਰੀ ਹਮੇਸ਼ਾ ਮੁੱਦਾ ਰਹੀ ਹੈ ਅਤੇ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀ ਵੀ ਅਕਸਰ ਇਹ ਸ਼ਿਕਾਇਤ ਰਹੀ ਹੈ ਕਿ ਉਹ ਛੇਤੀ ਕਿਤੇ ਮਿਲਦੇ ਨਹੀਂ ਹਨ।
ਇਸੇ ਤਰ੍ਹਾਂ ਦਾ ਮਾਮਲਾ ਮੁੱਖ ਮੰਤਰੀ ਦੇ ਸੁਰੇਸ਼ ਕੁਮਾਰ ਚੀਫ ਪ੍ਰਿੰਸੀਪਲ ਸੈਕਟਰੀ ਦਾ ਹੈ। ਅਕਤੂਬਰ 2019 ਵਿਚ ਪੰਜਾਬ ਸਿਵਲ ਸਕੱਤਰੇਤ ਵਿਚੋਂ ਆਪਣਾ ਦਫਤਰ ਖਾਲੀ ਕਰਨ ਤੋਂ ਬਾਅਦ ਸੁਰੇਸ਼ ਕੁਮਾਰ ਅੱਜ ਤੱਕ ਕਦੇ ਦਫਤਰ ਨਹੀਂ ਗਏ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਸ਼ਾਹੀ ਦਰਬਾਰ ਦੇ ਦਰਬਾਰੀਆਂ ਤੋਂ ਔਖੇ ਸਨ। ਦੂਜੇ ਸ਼ਬਦਾਂ ਵਿਚ ਮੁੱਖ ਮੰਤਰੀ ਦੇ ਕਰੀਬੀ ਹੋਰ ਲੋਕ ਉਹਨਾਂ ਦੇ ਬਹੁਤ ਖਿਲਾਫ ਸਨ। ਸੁਰੇਸ਼ ਕੁਮਾਰ ਆਪਣੇ ਘਰ ਦੇ ਨਾਲ ਨਾਲ ਪੰਜਾਬ ਭਵਨ ਤੋਂ ਵੀ ਕੰਮ ਕਰ ਰਹੇ ਸਨ।
ਅਜਿਹਾ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਅੱਜ ਕੈਬਨਿਟ ਦੀ ਦੁਪਹਿਰ ਬਾਅਦ 3.00 ਵਜੇ ਹੋਣ ਵਾਲੀ ਮੀਟਿੰਗ ਤੋਂ ਕਾਫੀ ਪਹਿਲਾਂ ਤਕਰੀਬਨ 2.15 ਵਜੇ ਹੀ ਆਪਣੇ ਦਫਤਰ ਪੁੱਜ ਗਏ ਸਨ। ਅਜਿਹੇ ਵਿਚ ਸੁਭਾਵਕ ਹੈ ਕਿ ਸੁਰੇਸ਼ ਕੁਮਾਰ ਨੂੰ ਵੀ ਆਪਣੇ ਦਫਤਰ ਬੈਠਣਾ ਪੈਣਾ ਸੀ। ਉਹਨਾਂ ਦਾ ਦਫਤਰ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ 'ਤੇ ਮੁੱਖ ਮੰਤਰੀ ਦਫਤਰ ਦੇ ਬਿਲਕੁਲ ਨਾਲ ਹੈ। ਜਦੋਂ ਤੱਕ ਮੁੱਖ ਮੰਤਰੀ ਆਪਣੇ ਦਫਤਰ ਵਿਚ ਰਹੇ, ਸੁਰੇਸ਼ ਕੁਮਾਰ ਵੀ ਆਪਣੇ ਦਫਤਰ ਵਿਚ ਬੈਠੇ ਰਹੇ। ਕੈਬਨਿਟ ਮੀਟਿੰਗ ਮਗਰੋਂ ਦੋਵੇਂ ਉਥੋਂ ਰਵਾਨਾ ਹੋ ਗਏ।
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ 'ਤੇ ਅੱਜ ਸਾਰੀਆਂ ਲਿਫਟਾਂ ਸਮੇਤ ਐਂਟਰੀ ਗੇਟ ਸੈਨੀਟਾਈਜ਼ ਕੀਤੇ ਗਏ ਸਨ ਤੇ ਮੀਡੀਆ ਸਮੇਤ ਹੋਰਨਾਂ ਲੋਕਾਂ ਲਈ ਪ੍ਰਵੇਸ਼ ਦੀ ਮਨਾਹੀ ਸੀ ਤੇ ਸਿਰਫ ਮੰਤਰੀ ਤੇ ਸੀ ਐਮ ਓ ਸਟਾਫ ਨੂੰ ਹੀ ਆਗਿਆ ਸੀ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਰਫਿਊ ਜਾਂ ਲਾਕ ਡਾਊਨ ਤੋਂ ਬਾਅਦ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਨਿੱਜੀ ਤੌਰ 'ਤੇ ਮੀਟਿੰਗ ਵਿਚ ਸ਼ਾਮਲ ਹੋਈ ਹੈ।