ਮਨਿੰਦਰਜੀਤ ਸਿੰਘ
ਜੈਤੋ, 28 ਮਈ 2020 - ਪੰਜਾਬੀ ਦਾ ਇੱਕ ਗੀਤ ਹੈ ਕਿ ‘ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ’, ਇਹ ਗੱਲ ਜੈਤੋ ਦੇ ਮਾੜੇ ਸੀਵਰੇਜ ਸਿਸਟਮ ਤੇ ਬਿਲਕੁਲ ਢੁੱਕਦੀ ਹੈ, ਮੀਂਹ ਭਾਵੇਂ ਦੂਰ-ਦੁਰਾਡੇ ਪੈ ਜਾਵੇ, ਤਾਂ ਵੀ ਜੈਤੋ ਦੀਆਂ ਗਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ। ਅੱਜ ਸ਼ਾਮ 1 ਘੰਟਾ ਮੁਸ਼ਕਿਲ ਨਾਲ ਮੀਂਹ ਪਿਆ ਹੋਵੇਗਾ ਪਰ ਜੈਤੋ ਸ਼ਹਿਰ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਗਿਆ। ਲੋਕਾਂ ਦਾ ਸ਼ਹਿਰ ਵਿੱਚ ਵੜਨਾ ਮੁਸ਼ਕਿਲ ਹੋ ਜਾਂਦਾ ਹੈ, ਸੀਵਰੇਜ ਦਾ ਪ੍ਰਬੰਧ ਐਨਾ ਨਿਕੰਮਾ ਹੈ ਕਿ ਥੋੜਾ ਜਾ ਮੀਂਹ ਵੀ ਜੈਤੋ ਵਾਸੀਆਂ ਲਈ ਕਿਸੇ ਆਫ਼ਤ ਤੋਂ ਘੱਟ ਨਹੀਂ।
ਕਈ ਸੜਕਾਂ ਟੁੱਟੀਆਂ ਹੋਣ ਕਰਕੇ ਟੋਏ ਪਾਣੀ ਨਾਲ ਭਰ ਜਾਂਦੇ ਹਨ ਤੇ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ।ਜੈਤੋ ਬਾਜਾਖਾਨਾ ਚੌਂਕ ਤੋਂ ਰਾਮਲੀਲਾ ਗਰਾਉਂਡ, ਹਰਦਿਆਲ ਨਗਰ, ਅੰਬੇਦਕਰ ਨਗਰ, ਜੈਤੋ ਪਿੰਡ,ਚੈਨਾ ਬਾਜਾਰ ਅਤੇ ਪੀਰਖਾਨਾ ਬਸਤੀ ਆਦਿ ਏਰੀਆ ਬਰਸਾਤੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੇ ਹਨ। ਨਵੀਂ ਆਬਾਦੀ ਦੇ ਲੋਕਾਂ ਲਈ ਤਾਂ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਮੀਂਹ ਪੈਣ ਤੋਂ ਬਾਅਦ ਜੈਤੋ ਸ਼ਹਿਰ ਦੀ ਹਾਲਤ ਇਹ ਹੋ ਜਾਂਦੀ ਹੈ ਕੇ ਜੋ ਲੋਕ ਬਾਹਰੋਂ ਸ਼ਹਿਰ ਵਿੱਚ ਆਉਣਾ ਚਾਹੁੰਦੇ ਹਨ, ਉਹ ਲੋਕ ਆ ਨਹੀਂ ਸਕਦੇ ਜਿੰਨਾ ਨੇ ਬਾਹਰ ਜਾਣਾ ਹੁੰਦਾ ਉਹ ਜਾ ਨਹੀਂ ਸਕਦੇ।
ਮੀਂਹ ਪੈਣ ਤੋਂ ਬਾਅਦ ਸ਼ਹਿਰਵਾਸੀਆਂ ਲਈ ਕਰਫਿਊ ਵਰਗੇ ਹਾਲਾਤ ਹੋ ਜਾਂਦੇ ਹਨ। ਸਰਕਾਰਾਂ ਲੋਕਾਂ ਤੋਂ ਲੱਖਾਂ ਰੁਪਏ ਟੈਕਸ ਦੇ ਰੂਪ ਵਿੱਚ ਤਾਂ ਵਸੂਲਦੀਆਂ ਹਨ, ਪਰ ਉਹਨਾਂ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ।ਲੋਕਾਂ ਦਾ ਕਹਿਣਾ ਹੈ ਕਿ ਜੈਤੋ ਸ਼ਹਿਰ ਨੂੰ ਤਾਂ ਪ੍ਰਸ਼ਾਸਨ ਨੇ ਰੱਬ ਆਸਰੇ ਹੀ ਛੱਡਿਆ ਹੋਇਆ ਹੈ।