ਮਨਿੰਦਰਜੀਤ ਸਿੱਧੂ
- ਮੌਸਮ ਵਿਭਾਗ ਦੁਆਰਾ ਪਹਿਲਾਂ ਹੀ ਮੀਂਹ ਅਤੇ ਝੱਖੜ ਦੀ ਦਿੱਤੀ ਗਈ ਸੀ ਚਿਤਾਵਨੀ
ਜੈਤੋ, 28 ਮਈ 2020 - ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੱਗੇ ਕਰਫ਼ਿਊ ਕਾਰਨ ਜਿੱਥੇ ਗਰੀਬ ਮਜ਼ਦੂਰ ਲੋਕਾਂ ਲਈ ਭੋਜਨ ਦਾ ਪ੍ਰਬੰਧ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਉੱਥੇ ਜੈਤੋ ਦੇ ਦੋ ਫੂਡ ਅਤੇ ਸਿਵਲ ਸਪਲਾਈਜ਼ ਦੇ ਇੰਸਪੈਕਟਰਾਂ ਦੀ ਭਾਰੀ ਅਣਗਹਿਲੀ ਕਾਰਨ ਅੱਜ ਸ਼ਾਮ ਆਈ ਤੇਜ ਬਰਸਾਤ ਨਾਲ ਮੁਕਤਸਰ ਰੋਡ ਜੈਤੋ ਵਿਖੇ ਸਥਿਤ ਫੂਡ ਅਤੇ ਸਿਵਲ ਸਪਲਾਈਜ਼ ਦੇ ਗੋਦਾਮਾਂ ਵਿੱਚ ਖੁੱਲ੍ਹੇ ਅਸਮਾਨੀਂ ਪਿਆ ਕਣਕ ਦਾ ਲੱਖਾਂ ਗੱਟਾਂ ਭਿੱਜ ਗਿਆ।
ਇਹ ਵੀ ਜਿਕਰਯੋਗ ਹੈ ਕਿ ਮੌਸਮ ਵਿਭਾਗ ਦੁਆਰਾ ਕਈ ਦਿਨ ਪਹਿਲਾਂ ਹੀ ਅੱਜ ਆਉਣ ਵਾਲੇ ਮੀਂਹ ਸੰਬੰਧੀ ਭਵਿੱਖਬਾਣੀ ਕਰ ਦਿੱਤੀ ਗਈ ਸੀ।ਮੌਸਮ ਵਿਭਾਗ ਦੀ ਚੇਤਾਵਨੀ ਦੇ ਬਾਵਜੂਦ ਆਪਣੀ ਡਿਊਟੀ ਪ੍ਰਤੀ ਵੱਡੀ ਲਾਪਰਵਾਹੀ ਦਿਖਾਉਂਦਿਆਂ ਸੰਬੰਧਿਤ ਇੰਸਪੈਕਟਰਾਂ ਵੱਲੋਂ ਕੋਈ ਤਰਪਾਲਾਂ ਵਗੈਰਾ ਦਾ ਪ੍ਰਬੰਧ ਕਰਕੇ ਅਨਾਜ ਨੂੰ ਨਹੀਂ ਢਕਿਆ ਗਿਆ ਸੀ।ਅਧਿਕਾਰੀਆਂ ਦੀ ਇਸ ਲਾਪਰਵਾਹੀ ਨਾਲ ਦੇਸ਼ ਦਾ ਕਰੋੜਾਂ ਰੁਪਏ ਦਾ ਅਨਾਜ ਭਿੱਜ ਕੇ ਖਰਾਬ ਹੋ ਗਿਆ ਹੈ।
ਬੜੀ ਹੀ ਸ਼ਰਮ ਦੀ ਗੱਲ ਹੈ ਕਿ ਜਿਸ ਦੇਸ਼ ਕਰੋੜਾਂ ਲੋਕ ਭੁੱਖੇ ਢਿੱੱਡ ਸੌਣ ਲਈ ਮਜ਼ਬੂਰ ਹਨ ਅਤੇ ਹਰ ਰੋਜ਼ ਹਜਾਰਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰਦੇ ਹਨ, ਉਥੇ ਇਹਨਾਂ ਸਰਕਾਰੀ ਅਫ਼ਸਰਾਂ ਦੀ ਡਿਊਟੀ ਪ੍ਰਤੀ ਗੈਰ-ਸੰਜ਼ੀਦਗੀ ਕਾਰਨ ਹਰ ਸਾਲ ਲੱਖਾਂ ਟਨ ਅਨਾਜ ਗਲ ਸੜ ਜਾਂਦਾ ਹੈ। ਇਸ ਸਬੰਧੀ ਜਦ ਏ.ਐਫ.ਐਸ.ਓ. ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਸਾਡਾ ਫੋਨ ਨਹੀਂ ਚੁੱਕਿਆ ਗਿਆ।
ਕੀ ਕਹਿੰਦੇ ਹਨ ਡੀ.ਐਫ.ਐੱਸ.ਈ?
ਇਸ ਸੰਬੰਧੀ ਜਦ ਅਸੀਂ ਜ਼ਿਲ਼੍ਹਾ ਫਰੀਦਕੋਟ ਦੇ ਡੀ.ਐੱਫ.ਐੱਸ.ਸੀ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਦੋ ਗੋਦਾਮ ਇੰਸਪੈਕਟਰ ਦਮਨ ਸ਼ਰਮਾ ਅਤੇ ਇੰਸਪੈਕਟਰ ਯਾਦਵਿੰਦਰ ਸਿੰਘ ਦੇ ਨਿਗਰਾਨੀ ਅਧੀਨ ਆਉਂਦੇ ਹਨ।ਉਨ੍ਹਾਂ ਕਿਹਾ ਕਿ ਖਰਾਬ ਮੌਸਮ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਚਲਦਿਆਂ ਸਾਡੇ ਵੱਲੋਂ ਤਰਪਾਲਾਂ ਵਗੈਰਾ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆ ਹਨ। ਉਹਨਾਂ ਕਿਹਾ ਕਿ ਮੈਂ ਇਸ ਮਾਮਲੇ ਦੀ ਪੜਤਾਲ ਕਰਾਂਗਾ।