← ਪਿਛੇ ਪਰਤੋ
ਬਠਿੰਡਾ ਜਿਲੇ ’ਚ ਸਾਹਮਣੇ ਆਏ ਕਰੋਨਾ ਦੇ 4 ਨਵੇਂ ਮਾਮਲੇ 167 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਅਸ਼ੋਕ ਵਰਮਾ ਬਠਿੰਡਾ, 29 ਮਈ, 2020 : ਬਠਿੰਡਾ ਜਿਲੇ ਵਿਚ ਅੱਜ ਫਿਰ ਕਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਨਾਂ ਵਿਚੋਂ 1 ਔਰਤ ਅਤੇ 3 ਪੁਰਸ ਹਨ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇੰਨਾਂ ਵਿਚੋਂ ਦੋ ਦਾ ਯਾਤਰਾ ਪਿੱਛੋਕੜ ਹੈ ਅਤੇ ਉਨਾਂ ਨੇ ਕ੍ਰਮਵਾਰ ਅੰਬਾਲਾ ਤੇ ਦਿੱਲੀ ਦੀ ਯਾਤਰਾ ਕੀਤੀ ਹੈ। ਇਸ ਤੋਂ ਬਿਨਾਂ ਇਕ ਪੁਲਿਸ ਹਿਰਾਸਤ ਵਿਚ ਬੰਦੀ ਹੈ ਜਿਸ ਨੂੰ ਪੁਲਿਸ ਨੇ ਕਿਸੇ ਕੇਸ ਵਿਚ ਗਿ੍ਰਫਤਾਰ ਕੀਤਾ ਸੀ। ਇੱਕ ਆਂਗਣਵਾੜੀ ਵਰਕਰ ਕਰੋਨਾ ਪਾਜ਼ਿਟਿਵ ਹੈ। ਉਨਾਂ ਨੇ ਦੱਸਿਆ ਕਿ ਹੁਣ ਜਿਲੇ ਵਿਚ ਐਕਟਿਵ ਕੇਸ 5 ਹੋ ਗਏ ਹਨ ਜਦੋਂਕਿ 43 ਲੋਕ ਪਹਿਲਾਂ ਹੀ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਡਿਪਟੀ ਕਮਿਸਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਸਲਾਹਾਂ ਤੇ ਅਮਲ ਕਰਦਿਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨਾਂ ਨੇ ਅਪੀਲ ਕੀਤੀ ਕਿ ਵਾਰ ਵਾਰ ਹੱਥ ਧੋਤੇ ਜਾਣ, ਮਾਸਕ ਪਹਿਣ ਕੇ ਰੱਖੋ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਤੋਂ ਬਿਨਾਂ ਅੱਜ 167 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨਾਂ ਨੇ ਦੱਸਿਆ ਕਿ ਜਿਨਾਂ ਦੀਆਂ ਰਿਪੋਰਟਾਂ ਪਾਜਿਟਿਵ ਆਈਆਂ ਹਨ ਉਨਾਂ ਨੂੰ ਸਿਵਲ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਤਰਾਂ ਉਨਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰਕੇ ਉਨਾਂ ਦੇ ਨਮੂਨੇ ਜਾਂਚ ਲਈ ਲਏ ਜਾ ਰਹੇ ਹਨ।
Total Responses : 108