- ਪਿੰਡ ਦੇ ਕਿਸਾਨਾ ਦਾ 75 ਫੀਸਦੀ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਫੈਸਲਾ
ਕੋਟਕਪੂਰਾ, 29 ਮਈ 2020 - ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀਆਂ ਕੀਤੀਆਂ ਅਪੀਲਾਂ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਸਰਕਾਰ ਇਕ ਪਿੰਡ 'ਚ ਘੱਟੋ ਘੱਟ 10 ਫੀਸਦੀ ਰਕਬਾ ਸਿੱਧੀ ਬਿਜਾਈ ਰਾਹੀਂ ਕਰਨ ਲਈ ਪ੍ਰੇਰਿਤ ਕਰ ਰਹੀ ਸੀ ਪਰ ਫਰੀਦਕੋਟ ਜਿਲੇ ਦਾ ਪਿੰਡ ਹਰਦਿਆਲੇਆਣਾ ਪੰਜਾਬ ਭਰ ਦੇ ਕਿਸਾਨਾ ਲਈ ਰੋਲ ਮਾਡਲ ਜਾਂ ਰਾਹਦਸੇਰਾ ਬਣ ਸਕਦਾ ਹੈ, ਕਿਉਂਕਿ ਉਕਤ ਪਿੰਡ ਦੀ 2000 ਏਕੜ ਰਕਬੇ 'ਚ ਉੱਥੋਂ ਦੇ ਕਿਸਾਨਾ ਨੇ 1200 ਏਕੜ 'ਚ ਝੋਨੇ ਦੀ ਡੀ.ਐੱਸ.ਆਰ. ਮਸ਼ੀਨਾ ਰਾਹੀਂ ਸਿੱਧੀ ਬਿਜਾਈ ਕੀਤੀ ਹੈ ਅਤੇ ਅਜੇ ਹੋਰ ਜਮੀਨ 'ਚ ਵੀ ਬਿਜਾਈ ਕੀਤੀ ਜਾ ਰਹੀ ਹੈ।
ਪਿੰਡ ਦੇ ਅਗਾਂਹਵਧੂ ਕਿਸਾਨਾ ਐਡਵੋਕੇਟ ਕੁਲਵਿੰਦਰ ਸਿੰਘ ਸੰਧੂ, ਮਹਿੰਦਰ ਸਿੰਘ, ਜਸਵੀਰ ਸਿੰਘ, ਦਲਜੀਤ ਸਿੰਘ, ਗੁਰਭੇਜ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਸਰਕਾਰ ਨਿਰੰਤਰ ਨਹਿਰੀ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਵੇ ਤਾਂ ਪਿੰਡ ਹਰਦਿਆਲੇਆਣਾ ਦੇ ਕਿਸਾਨ ਘੱਟੋ ਘੱਟ 300 ਏਕੜ ਹੋਰ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਿਆਰ ਹਨ।
ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਦੀਆਂ ਹਦਾਇਤਾਂ ਦੇ ਬਾਵਜੂਦ ਪਿੰਡ ਹਰਦਿਆਲੇਆਣਾ ਦੇ ਕਿਸਾਨਾਂ ਨੇ ਸਵੇਰੇ, ਦੁਪਹਿਰੇ, ਸ਼ਾਮ ਅਤੇ ਰਾਤ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ, ਇਕ ਏਕੜ 'ਚ 6 ਤੋਂ 8 ਕਿਲੋ ਬੀਜ ਖਿਲਾਰਿਆ, ਬਿਜਾਈ ਮੌਕੇ ਭਾਵੇਂ ਮਨਾਂ 'ਚ ਕੋਈ ਸ਼ੰਕਾ ਰਹੀ ਹੋਵੇ ਪਰ ਹੁਣ ਨਿਸਰੇ ਝੋਨੇ ਨੇ ਸਾਰੇ ਸ਼ੰਕੇ ਨਵਿਰਤ ਕਰ ਦਿੱਤੇ ਹਨ। ਉਨਾਂ ਮੰਨਿਆ ਕਿ ਇਸ ਨਾਲ ਮਜਦੂਰਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ, ਪਾਣੀ ਅਤੇ ਪੈਸੇ ਦੀ ਬਹੁਤ ਬੱਚਤ, ਮਿਹਨਤ ਵੀ ਪਹਿਲਾਂ ਨਾਲੋਂ ਘੱਟ ਅਤੇ ਝਾੜ ਵੀ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈ।
ਵਾਤਾਵਰਣ ਪ੍ਰੇਮੀ ਗੁਰਵਿੰਦਰ ਸਿੰਘ ਜਲਾਲੇਆਣਾ ਅਤੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਨਸੀਅਤ ਦਿੱਤੀ ਹੈ। ਡਾ. ਹਰਨੇਕ ਸਿੰਘ ਰੋਡੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਪਿੰਡ ਹਰਦਿਆਲੇਆਣਾ ਦੇ ਕਿਸਾਨਾਂ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਖੇਤੀਬਾੜੀ ਵਿਭਾਗ ਇਸ ਪਿੰਡ ਨੂੰ ਹੋਰਨਾ ਪਿੰਡਾਂ ਦੇ ਕਿਸਾਨਾਂ ਮੂਹਰੇ ਰੋਲ ਮਾਡਲ ਵਜੋਂ ਪੇਸ਼ ਕਰੇਗਾ ਤਾਂ ਜੋ ਉਕਤ ਪ੍ਰੇਰਨਾ ਸਰੋਤ ਉਪਰਾਲੇ ਤੋਂ ਹੋਰ ਕਿਸਾਨ ਵੀ ਫਾਇਦਾ ਲੈ ਸਕਣ।