ਦੇਵਾ ਨੰਦ ਸ਼ਰਮਾ
- ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਤੇ ਸਮਾਜ ਦਾ ਦਰਪਣ-ਡਾ. ਰਾਜ ਬਹਾਦਰ
- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕਰੋਨਾ ਟੈਸਟਿੰਗ ਲਈ ਭਾਰਤ ਦੀ ਪਹਿਲੀ ਅਤਿ ਆਧੁਨਿਕ ਲੈਬ ਸਥਾਪਤ
ਫਰੀਦਕੋਟ, 29 ਮਈ 2020 - ਇਥੋਂ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼ ਦੇ ਸੈਨੇਟ ਹਾਲ ਵਿਖੇ ਫਰੀਦਕੋਟ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣ, ਲੋਕਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਦੇਣ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਪੱਤਰਕਾਰ ਭਾਈਚਾਰੇ ਦੇ ਸਨਮਾਨ ਲਈ ਵਿਸੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪ ਕੁੱਲਪਤੀ ਡਾ. ਰਾਜ ਬਹਾਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਮਪਰੂਵਮੈਂਟ ਟਰੱਸਟ ਫਰੀਦਕੋਟ ਦੇ ਚੇਅਰਮੈਨ ਐਡਵੋਕੇਟ ਲਲਿਤ ਮੋਹਨ ਗੁਪਤਾ, ਯੂਨੀਵਰਸਿਟੀ ਪ੍ਰੀਖਿਆ ਕੰਟਰੋਲਰ ਡਾ. ਐਸ.ਪੀ. ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਉੱਪ ਕੁੱਲਪਤੀ ਡਾ. ਰਾਜ ਬਹਾਦਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਅਤੇ ਇਸ ਤੋਂ ਬਚਾਓ ਦਾ ਇਕੋ ਇਕ ਤਰੀਕਾ ਹੈ ਕਿ ਸਾਨੂੰ ਖੁੱਦ ਹੀ ਜਾਗਰੂਕ ਹੋਣਾ ਪਵੇਗਾ ਅਤੇ ਹੋਰ ਲੋਕਾਂ ਨੂੰ ਇਸ ਤੋਂ ਬਚਾਓ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਵਿਰੁੱਧ ਜੰਗ ਵਿੱਚ ਲੋਕਾਂ ਨੂੰ ਸਹੀ ਸੂਚਨਾ ਪਹੁੰਚਾਉਣ ਲਈ ਪੱਤਰਕਾਰ ਭਾਈਚਾਰੇ ਦਾ ਰੋਲ ਬਹੁਤ ਹੀ ਉਸਾਰੂ ਅਤੇ ਦਲੇਰਾਨਾ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਹੀ ਜਾਣਕਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰ ਭਾਈਚਾਰੇ ਨੂੰ ਉਨ੍ਹਾਂ ਦੇ ਇਸ ਉਸਾਰੂ ਉਪਰਾਲੇ ਲਈ ਸਨਮਾਨਿਤ ਕਰਨ ਦਾ ਜਿਲ੍ਹੇ ਦੀਆਂ ਵੱਖ ਵੱਖ ਸੰਸਥਾਵਾਂ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀਆਂ ਗਾਈਡਲਾਈਨਜ਼ ਅਨੁਸਾਰ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਇਹ ਹੀ ਕਾਰਨ ਹੈ ਕਿ ਪੰਜਾਬ ਵੱਲੋਂ ਇਸ ਮਹਾਂਮਾਰੀ ਤੇ ਕਾਬੂ ਪਾਉਣ 'ਚ ਵੱਡੀ ਸਫਲਤਾ ਹਾਸ਼ਲ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਫਰੀਦਕੋਟ ਵਿਖੇ ਕਰੋਨਾ ਟੈਸਟਿੰਗ ਦੀ ਦੇਸ਼ ਵਿਚੋਂ ਪਹਿਲੀ ਅਤਿ ਆਧੁਨਿਕ ਲੈਬ ਸਥਾਪਤ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਵੀ ਇਹ ਲੈਬ ਸਥਾਪਤ ਕੀਤੀਆਂ ਗਈਆਂ ਹਨ। ਜਿਸ ਕਾਰਨ ਰਾਜ ਦੀ ਕਰੋਨਾ ਟੈਸਟਿੰਗ ਸਮੱਰਥਾ 9 ਹਜ਼ਾਰ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਆਪਣੀ ਜਿੰਮੇਵਾਰੀ ਸਮਝਦਿਆਂ ਸਮਾਜ ਸੇਵੀ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਅਤੇ ਲੋਕਤੰਤਰ ਨੂੰ ਮਜ਼ਬੂਤ ਅਤੇ ਲੋਕਾਂ ਦੀ ਮਦਦ ਲਈ ਆਪਣੀ ਜਿੰਮੇਵਾਰੀ ਨਿਭਾਉਂਦੇ ਰਹਿਣ।
ਇਸ ਮੌਕੇ ਫਰੀਦਕੋਟ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਪੱਤਰਕਾਰਾਂ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਟੇਜ ਦੀ ਸੇਵਾ ਪ੍ਰੋ. ਦਲਬੀਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਨੇ ਉਨ੍ਹਾਂ ਦੇ ਸਨਮਾਨ ਲਈ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਡਾ. ਗਿਆਨ ਚੰਦ ਅਹੀਰ, ਐਕਸੀਅਨ ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ