ਅਸ਼ਵਨੀ ਸ਼ਰਮਾ
- ਸੋਹਰਾ, ਜੇਠ, ਜਠਾਣੀ ਤੇ ਕੇਸ ਦਰਜ
ਗੜ੍ਹਸ਼ੰਕਰ, 29 ਮਈ 2020 - ਬੀਤ ਇਲਾਕੇ 'ਚ ਪੈਦੇ ਪਿੰਡ ਮੈਰਾ ਦੀ ਮਹਿਲਾ ਸਰਪੰਚ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਸਰਪੰਚ ਦੇ ਪਿਤਾ ਦੇ ਬਿਆਨਾ ਦੇ ਅਧਾਰ ਤੇ ਸੋਹਰਾ, ਜੇਠ, ਜਠਾਣੀ ਦੇ ਖਿਲਾਫ ਮਹਿਲਾ ਸਰਪੰਚ ਨੂੰ ਤੰਗ ਪ੍ਰੇਸ਼ਾਨ ਕਰਕੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਤੇ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਪਿੰਡ ਮੈਰਾ ਦੀ ਸੁਨੀਤਾ ਦੇਵੀ ਪਤਨੀ ਕੁਲਦੀਪ ਕੁਮਾਰ ਪਿੰਡ ਦੀ ਸਰਪੰਚ ਸੀ। ਸੁਨੀਤਾ ਦੇਵੀ ਨੇ 25 ਮਈ ਨੂੰ ਜ਼ਹਿਰੀਲੀ ਵਸਤੂ ਖਾ ਲਈ ਜਿਸ ਤੋ ਬਾਅਦ ਪਰਿਵਾਰ ਵਾਲਿਆ ਨੇ ਉਸ ਨੂੰ ਗੜ੍ਹਸ਼ੰਕਰ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਸੀ। ਪ੍ਰੰਤੂ ਲੰਘੇ ਦਿਨੀ ਉਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਰਪੰਚ ਸੁਨੀਤਾ ਦੇਵੀ ਦੇ ਪਿਤਾ ਹਰਮੇਸ਼ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਨੈਨਵਾ ਵਲੋ ਪੁਲਿਸ ਨੂੰ ਦਿਤੇ ਬਿਆਨਾ ਅਨੁਸਾਰ ਸੁਨੀਤਾ ਦੇਵੀ ਦਾ ਵਿਆਹ 16 ਸਾਲ ਪਹਿਲਾ ਪਿੰਡ ਮੈਰਾ ਦੇ ਕੁਲਦੀਪ ਕੁਮਾਰ ਪੁੱਤਰ ਦਰਸ਼ਨ ਰਾਮ (ਰਿਟਾਇਰ ਅਧਿਆਪਕ) ਨਾਲ ਹੋਇਆ ਸੀ। ਕੁਝ ਸਮਾ ਪਹਿਲਾ ਦਰਸ਼ਨ ਰਾਮ ਨੇ ਆਪਣੀ ਵਸੀਅਤ ਸੰਦੀਪ ਕੁਮਾਰ, ਕੁਲਦੀਪ ਕੁਮਾਰ ਅਤੇ ਪ੍ਰਗਟ ਸਿੰਘ ਤਿੰਨਾ ਪੁੱਤਰਾ ਦੇ ਨਾਮ ਕਰ ਦਿਤੀ ਸੀ ਅਤੇ ਸਾਰਿਆ ਨੂੰ ਜ਼ਮੀਨ ਵੰਡਕੇ ਦੇ ਦਿਤੀ।
ਪ੍ਰੰਤੂ ਦਸੰਬਰ 2019 ਨੂੰ ਦਰਸ਼ਨ ਰਾਮ ਨੇ ਵਸੀਅਤ ਬਦਲਕੇ ਆਪਣੇ 2 ਪੁੱਤਰਾ ਸੰਦੀਪ ਕੁਮਾਰ ਅਤੇ ਪ੍ਰਗਟ ਸਿੰਘ ਦੇ ਨਾਮ ਕਰ ਦਿਤੀ। ਜ਼ਮੀਨ ਨੂੰ ਲੈ ਕੇ ਸਰਪੰਚ ਸੁਨੀਤਾ ਦੇਵੀ ਨੂੰ ਸੋਹਰਾ ਦਰਸ਼ਨ ਰਾਮ, ਜੇਠ ਸੰਦੀਪ ਕੁਮਾਰ, ਜੇਠਾਣੀ ਰਣਜੀਤ ਕੌਰ ਹਮੇਸ਼ਾ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ 25 ਮਈ ਨੂੰ ਵੀ ਤਿੰਨਾ ਨੇ ਸੁਨੀਤਾ ਦੇਵੀ ਇਹਨਾ ਤੰਗ ਪ੍ਰੇਸ਼ਾਨ ਕੀਤਾ ਕਿ ਉਸ ਨੇ ਪ੍ਰੇਸ਼ਾਨ ਹੋ ਕੇ ਜਹਿਰੀਲੀ ਵਸਤੂ ਖਾ ਲਈ। ਗੜ੍ਹਸ਼ੰਕਰ ਪੁਲਿਸ ਨੇ ਸੋਹਰਾ, ਜੇਠ ਤੇ ਜਠਾਣੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।