ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 29 ਮਈ 2020 - ਕੋਰੋਨਾ ਪਾਜ਼ੀਟਿਵ ਰਿਪੋਰਟਾਂ ਵਾਲੇ ਮਰੀਜ਼ਾਂ ਨੂੰ ਘਰੇ ਭੇਜਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੀਆਂ ਸੂਬਾ ਕਮੇਟੀਆਂ ਦੇ ਸੱਦੇ ‘ਤੇ ਖੇਤ ਮਜ਼ਦੂਰਾਂ ਵੱਲੋਂ ਲੱਖੇਵਾਲੀ, ਖੂੰਨਣ ਖੁਰਦ, ਭੁੱਟੀ ਵਾਲਾ, ਅਤੇ ਬਸਤੀ ਬੀੜ ਸਰਕਾਰ ’ਚ ਚਾਰ ਥਾਵਾਂ ‘ਤੇ ਪੁਤਲੇ ਸਾੜੇ ਗਏ ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਨੇ ਭਲਾਈਆਂਣਾ 'ਚ ਪੁਤਲਾ ਸਾੜਿਆ। ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਦੋਸ਼ ਲਾਉਂਦਿਆਂ ਅੱਜ ਕਿਸਾਨਾਂ ਮਜਦੂਰਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਅਤੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਕਰੋਨਾ ਪੀੜਤਾਂ ਦੇ ਇਲਾਜ ਤੇ ਸਾਂਭ ਸੰਭਾਲ ਦੀ ਆਪਣੀ ਜਿੰਮੇਵਾਰੀ ਤੋਂ ਭੱਜਣ ਦਾ ਇਲਜਾਮ ਵੀ ਲਾਇਆ। ਉਹਨਾਂ ਆਖਿਆ ਕਿ ਸਾਰੇ ਪੰਜਾਬ ‘ਚ ਹੀ ਅਜਿਹੇ ਮਰੀਜ਼ ਘਰੇ ਭੇਜੇ ਜਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਕਰਨ, ਮਾਰੇ ਗਏ 400 ਦੇ ਲਗਭਗ ਮਜਦੂਰਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜਾ ਦੇਣ, ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੇ ਲੋੜਵੰਦਾਂ ਨੂੰ ਅਨਾਜ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ, ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਰੱਦ ਕਰਨ ਸਮੇਤ ਹੋਰ ਵੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ ।
ਆਗੂਆਂ ਨੇ ਜਮੀਨਾਂ ਦੀ ਵੰਡ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਚ ਕਰਨ, ਖੇਤੀ ਲਈ 16 ਘੰਟੇ ਨਿਰਵਿਘਨ ਬਿਜਲੀ ਦੇਣ, ਖੇਤੀ ਖੇਤਰ 'ਚ ਖੁੱਲੀ ਮੰਡੀ ਦੀ ਨੀਤੀ ਤੇ ਜਮੀਨ ਗ੍ਰਹਿਣ ਕਾਨੂੰਨ ਚ ਪ੍ਰਸਤਾਵ ਸੋਧਾਂ ਰੱਦ , ਮਨਰੇਗਾ ਤਹਿਤ 200 ਦਿਨ ਦਾ ਕੰਮ ਦੇ ਕੇ ਦਿਹਾੜੀ 500 ਰੁਪਏ ਕਰਨ, ਸਿੱਖਿਆ ਤੇ ਸਿਹਤ ਦਾ ਸਰਕਾਰੀ ਕਰਨ, ਖਾਲੀ ਅਸਾਮੀਆਂ ਪੁਰ ਕੀਤੀਆਂ ਜਾਣ ਅਤੇ ਆਰ ਐੱਮ ਪੀ ਡਾਕਟਰਾਂ ਆਦਿ ਨੂੰ ਸਰਕਾਰੀ ਖੇਤਰ ਚ ਸ਼ਾਮਲ ਕਰਨ ਵਰਗੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਮੋਦੀ ਹਕੂਮਤ ਵੱਲੋਂ ਰਾਹਤ ਪੈਕਜ ਦੇ ਨਾਂ ਤੇ ਬੋਲੇ ਨਵੇਂ ਆਰਥਿਕ ਹਮਲੇ ਅਤੇ ਸੰਕਟ ਚ ਘਿਰੇ ਲੋਕਾਂ ਨੂੰ ਰਾਹਤ ਦੇਣ ਦੀਆਂ ਮੰਗਾਂ ਨੂੰ ਲੈ ਕੇ 3,4 ਤੇ 5 ਜੂਨ ਨੂੰ ਤਹਿਸੀਲ ਦਫਤਰਾਂ ਅੱਗੇ ਇਕ ਰੋਜਾ ਧਰਨਿਆਂ ’ਚ ਸ਼ਾਮਲ ਹੋਣ ਦਾ ਅਹਿਦ ਵੀ ਲਿਆ। ਇਸ ਸਮੇਂ ਇਦਰਜੀਤ ਸਿੰਘ ਲੱਖੇਵਾਲੀ, ਗੁਰਬਿੰਦਰ ਸਿੰਘ ਗੋਗਾ, ਜਸਵੀਰ ਕੌਰ, ਵੀਰਪਾਲ ਕੌਰ ਪਾਲੋ, ਰਾਜ ਸਿੰਘ, ਜੰਗ ਸਿੰਘ ਆਦਿ ਸ਼ਾਮਿਲ ਸਨ।