ਅਸ਼ੋਕ ਵਰਮਾ
ਬਠਿੰਡਾ, 30 ਮਈ 2020 - ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸੰਧੂ ਨੇ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦਾ ਮਾਸਟਰ ਕੇਡਰ ਵਿੱਚ ਪ੍ਰਮੋਸ਼ਨ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਕੰਮ ਕਰਦੇ ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਤੇ ਐਸ.ਐਲ.ਏ. ਨੂੰ ਮਾਸਟਰ ਕੇਡਰ ਵਿੱਚ 1 ਫੀਸਦੀ ਪ੍ਰਮੋਸ਼ਨ ਕੋਟਾ ਦਿੱਤਾ ਗਿਆ ਹੈ ਜੋ ਕਿ ਮਾਸਟਰ ਕੇਡਰ ਦੀਆਂ ਕੁੱਲ 53000 ਮਨਜੂਰ ਪੋਸਟਾਂ ਦੇ ਹਿਸਾਬ ਨਾਲ਼ ਇਸ ਕੋਟੇ ਵਿੱਚ 530 ਪੋਸਟਾਂ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ ਹੁੰਦੀਆਂ ਰਹੀਆਂ ਤਰੱਕੀਆਂ ਕਾਰਨ ਇਨ੍ਹਾਂ 530 ਪੋਸਟਾਂ ਵਿਚੋਂ ਬਹੁਤੀਆਂ ਪਹਿਲਾਂ ਹੀ ਭਰੀਆਂ ਹੋਈਆਂ ਹਨ, ਇਸ ਕਾਰਨ ਇਸ ਵਾਰ ਸਿਰਫ਼ 250 ਦੇ ਕਰੀਬ ਵਿਅਕਤੀ ਹੀ ਪ੍ਰਮੋਟ ਹੋਣਗੇ ਅਤੇ ਬੀ.ਐਡ ਕਰ ਚੁੱਕੇ ਬਹੁਤੇ ਸਾਥੀ ਤਰੱਕੀ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਮੋਸ਼ਨ ਕੋਟਾ ਘੱਟ ਹੋਣ ਦੀ ਵੱਡੀ ਮਾਰ ਸਮਾਜਿਕ ਸਿੱਖਿਆ ਤੇ ਪੰਜਾਬੀ ਵਿਸ਼ੇ ਵਾਲਿਆਂ ‘ਤੇ ਪਵੇਗੀ ਜਿਨ੍ਹਾਂ ਦਾ ਅਜੇ ਬਹੁਤ ਲੰਬਾ ਸੇਵਾਕਾਲ ਬਾਕੀ ਹੈ।
ਉਨ੍ਹਾਂ ਦੱਸਿਆ ਕਿ 530 ਪੋਸਟਾਂ ਭਰ ਜਾਣ ਤੋਂ ਬਾਅਦ ਬਾਕੀਆਂ ਨੂੰ ਤਰੱਕੀ ਲਈ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦੇ ਬਰਾਬਰ ਗਿਣਤੀ ਵਾਲੇ ਹੋਰ ਕੈਟਾਗਰੀ ਅਧਿਆਪਕਾਂ ਨੂੰ ਮਾਸਟਰ ਕੇਡਰ ਵਿੱਚ 4ਫੀਸਦੀ ਪ੍ਰਮੋਸ਼ਨ ਕੋਟਾ ਦਿੱਤਾ ਗਿਆ ਹੈ ਜਦੋਂ ਕਿ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦੇ ਮੁਕਾਬਲੇ ਹੋਰ ਕੈਟਾਗਰੀ ਅਧਿਆਪਕ ਬਹੁਤ ਘੱਟ ਗਿਣਤੀ ਵਿੱਚ ਬੀ.ਐਡ ਹਨ ਅਤੇ ਉਨਾਂ ਦੀਆਂ ਆਸਾਮੀਆਂ ਵੀ ਘੱਟ ਹੁੰਦੀਆਂ ਜਾ ਰਹੀਆਂ ਹਨ। ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦੇ ਹੋਰ ਵੀ ਬਹੁਤ ਸਾਥੀ ਬੀ.ਐਡ ਕਰਨ ਜਾ ਰਹੇ ਹਨ, ਉਨਾਂ ਲਈ ਇਹ 1ਫੀਸਦੀ ਪ੍ਰਮੋਸ਼ਨ ਕੋਟਾ ਨਾਕਾਫੀ ਸਾਬਿਤ ਹੋਵੇਗਾ। ਇਸ ਲਈ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦਾ ਪ੍ਰਮੋਸ਼ਨ ਕੋਟਾ ਵਧਾਉਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਬਹੁਤ ਸਾਰੇ ਸਾਥੀ ਤਰੱਕੀ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ