ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 30 ਮਈ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀਆਂ ਦੇ ਸੱਦੇ ‘ਤੇ ਕੋਰੋਨਾ ਪਾਜ਼ੀਟਿਵ ਰਿਪੋਰਟਾਂ ਵਾਲੇ ਪਰ ਬਾਹਰੀ ਲੱਛਣਾਂ ਤੋਂ ਰਹਿਤ ਮਰੀਜ਼ਾਂ ਨੂੰ ਹਸਪਤਾਲਾਂ ‘ਚੋਂ ਕੱਢਕੇ ਘਰੇ ਭੇਜਣ ਦੀ ਸਰਕਾਰੀ ਨੀਤੀ ਤੋਂ ਖਫ਼ਾ ਹੋਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਸਰਕਾਰ ’ਤੇ ਗਿਣਮਿਥ ਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਦੋਸ਼ ਲਾਉਂਦਿਆਂ ਅੱਜ ਮੁਕਤਸਰ ਜਿਲ੍ਹੇ ਦੇ ਵੱਖ ਵੱਖ ਪਿੰਡਾਂ ’ਚ ਪੁਤਲੇ ਸਾੜੇ।
ਇਨ੍ਹਾਂ ਰੋਸ ਵਿਖਾਵਿਆਂ ਦਾ ਸੱਦਾ ਪਿਛਲੇ ਦਿਨੀਂ ਕੋਰੋਨਾ ਦੇ ਏਕਾਂਤਵਾਸੀਆਂ ਨੂੰ ਘਰੀਂ ਭੇਜਣ ਦੀ ਸਰਕਾਰੀ ਨੀਤੀ ਖ਼ਿਲਾਫ਼ ਦਿੱਤਾ ਗਿਆ ਸੀ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਹਲਾਲ, ਕਿਸਾਨ ਯੂਨੀਅਨ ਦੇ ਆਗੂ ਤੇ ਬੀਕੇਯੂ ਉਗਰਾਹਾਂ ਦੇ ਜਿਲ੍ਹਾ ਜਰਨਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਇਕਾਈ ਪ੍ਰਧਾਨ ਬਿੱਕਰ ਸਿੰਘ ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ , ਖੇਤ ਮਜ਼ਦੂਰ ਆਗੂ ਰਾਜਾ ਸਿੰਘ ਖੁੰਨਣ ਅਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਭੇਜਣ ਨਾਲ ਬਿਮਾਰੀ ਦੀ ਲਾਗ ਵੱਡੇ ਪੱਧਰ ’ਤੇ ਫੈਲਣ ਦਾ ਖ਼ਦਸ਼ਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲੋਕਾਂ ਲਈ ਮੁਸੀਬਤ ਅਤੇ ਸਰਕਾਰਾਂ ਲਈ ਨਿਆਮਤ ਬਣ ਕੇ ਆਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਲੋਕਾਂ ਨੂੰ ‘ਕਿਸਮਤ’ ਸਹਾਰੇ ਛੱਡਣ ਦੀ ਬਜਾਇ ਆਪਣੇ ਫਰਜ਼ਾਂ ਦੀ ਅਦਾਇਗੀ ਕਰਨ, ਸਿਹਤ ਕਰਮਚਾਰੀਆਂ ਨੂੰ ਪੂਰੇ ਸਾਜ਼ੋ ਸਾਮਾਨ ਨਾਲ ਲੈਸ ਕੀਤਾ ਜਾਵੇ, ਨਿੱਜੀ ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਕੋਰੋਨਾ ਦੇ ਮਰੀਜ਼ਾਂ ਤੋਂ ਇਲਾਵਾ ਆਮ ਬਿਮਾਰੀਆਂ ਲਈ ਵੀ ਓਪੀਡੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕੋਰੋਨਾ ਪਾਜ਼ੀਟਿਵ ਪਰ ਲੱਛਣਾਂ ਤੋਂ ਬਗੈਰ ਮਰੀਜਾਂ ਨੂੰ ਘਰਾਂ ਵਿੱਚ ਹੀ ਏਕਾਂਤਵਾਸ ਕਰਨ ਦੀ ਨੀਤੀ ਰੱਦ ਕਰਨ, ਸਰਕਾਰੀ ਖਰਚੇ ’ਤੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰਨ, ਸਾਭ-ਸੰਭਾਲ, ਪੌਸ਼ਟਿਕ ਖੁਰਾਕ ਦਾ ਪੁਖਤਾ ਪ੍ਰਬੰਧ ਕਰਨ, ਸਿਹਤ ਸਹੂਲਤਾਂ ਦਾ ਸਰਕਾਰੀ ਕਰਨ ਕੀਤੇ ਜਾਣ ਆਦਿ ਦੀ ਵੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਸੰਕਟ ’ਚ ਘਿਰੇ ਲੋਕਾਂ ਨੂੰ ਰਾਹਤ ਦੇਣ ਦੀਆਂ ਮੰਗਾਂ ਸਬੰਧੀ 3, 4 ਤੇ 5 ਜੂਨ ਨੂੰ ਤਹਿਸੀਲ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਜਾਣਗੇ।