ਅਸ਼ੋਕ ਵਰਮਾ
ਬਠਿੰਡਾ, 30 ਮਈ 2020 - ਲਾਕਡਾਊਨ ਦੌਰਾਨ ਬੀ.ਐਫ.ਜੀ.ਆਈ. ਵੱਲੋਂ ਸ਼ੁਰੂ ਕੀਤੀ ਗਈ ਕੈਰੀਅਰ ਵੈਬੀਨਾਰ ਲੜੀ-2020 ਤਹਿਤ ‘10+2 (ਨਾਨ-ਮੈਡੀਕਲ) ਤੋਂ ਬਾਦ ਕੈਰੀਅਰ ਦੇ ਵਿਕਲਪਾਂ’ ਬਾਰੇ ਪੰਜਵਾਂ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਉੱਘੇ ਖੇਤੀਬਾੜੀ ਅਰਥ ਸ਼ਾਸਤਰੀ ਤੇ ਪਦਮ ਭੂਸ਼ਣ ਐਵਾਰਡੀ ਪ੍ਰੋ.(ਡਾ.) ਸਰਦਾਰਾ ਸਿੰਘ ਜੌਹਲ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਅਤੇ ਚੰਦਰ ਮੋਹਨ, ਚੇਅਰ ਪ੍ਰੋਫੈਸਰ, ਜੇ.ਐਨ.ਯੂ., ਨਵੀਂ ਦਿੱਲੀ , ਸਾਬਕਾ ਸੀਨੀਅਰ ਵਿਗਿਆਨੀ ਤੇ ਡਾਇਰੈਕਟਰ ਵਿਗਿਆਨ ਪ੍ਰਸਾਰ, ਡੀ.ਐਸ.ਟੀ ਭਾਰਤ ਸਰਕਾਰ, ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਬੀ.ਡੀ.ਸ਼ਰਮਾ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਆਨਲਾਈਨ ਜਵਾਬ ਦਿੱਤੇ। ਇਸ ਮੌਕੇ ਪ੍ਰੋ.(ਡਾ.) ਸਰਦਾਰਾ ਸਿੰਘ ਜੌਹਲ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਐਗਰੀਕਲਚਰ ਦੇ ਖੇਤਰ ਤੋਂ ਇਕਨਾਮਿਕਸ ਦੇ ਖੇਤਰ ਵੱਲ ਮੁੜ ਕੇ ਖੇਤੀਬਾੜੀ ਅਰਥ ਸ਼ਾਸਤਰੀ ਕਿਵੇਂ ਬਣੇ।
ਉਨ੍ਹਾਂ ਦੱਸਿਆ ਕਿ ਇੱਕ ਅਰਥ ਸ਼ਾਸਤਰੀ ਹੁੰਦੇ ਹੋਏ ਉਨਾਂ ਨੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਆਲੂ ਦੇ ਬੀਜ ਉਤਪਾਦਨ ਕਰਨ ਵਿੱਚ ਸਫਲਤਾ ਹਾਸਲ ਕੀਤੀ। ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਗੇ ਅਧਿਆਪਕਾਂ ਦੀ ਬਦੌਲਤ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਨ ਇੱਕ ਨੌਕਰੀ ਨਹੀਂ ਸਗੋਂ ਇੱਕ ਮਿਸ਼ਨ ਹੈ ਇੱਕ ਵਚਨਬੱਧਤਾ ਹੈ ਜਿਸ ਲਈ ਅਧਿਆਪਕ ਆਪਣੀ ਸ਼ਖ਼ਸੀਅਤ ਨੂੰ ਆਪਣੇ ਵਿਦਿਆਰਥੀਆਂ ਵਿੱਚ ਢਾਲਦਾ ਹੈ। ਡਾ. ਜੌਹਲ ਨੇ ਅੱਗੇ ਕਿਹਾ ਕਿ ਵਿਸ਼ਾ ਕੋਈ ਵੀ ਮਾੜਾ ਨਹੀਂ ਹੈ ਪਰ ਕਾਮਯਾਬ ਹੋਣ ਲਈ ਵਿਦਿਆਰਥੀ ਆਪਣੀ ਰੁਚੀ, ਸਮਰੱਥਾ ਅਤੇ ਯੋਗਤਾ ਅਨੁਸਾਰ ਆਪਣੇ ਵਿਸ਼ੇ ਨੂੰ ਚੁਣ ਕੇ ਮੁਹਾਰਤ ਹਾਸਲ ਕਰਨ।
ਸੀਨੀਅਰ ਵਿਗਿਆਨੀ ਚੰਦਰ ਮੋਹਨ ਨੇ ਦੱਸਿਆ ਕਿ ਪੰਜਾਬ ਸਟੇਟ ਸਾਇੰਸ ਕੌਂਸਲ ਦੇ ਸਹਿਯੋਗ ਸਦਕਾ ਚਿਲਡਰਨ ਸਾਇੰਸ ਕਾਂਗਰਸ ਅਤੇ ਵਿਗਿਆਨ ਜਯੋਤੀ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀ ਕੋਣ ਅਪਣਾ ਕੇ ਆਪਣੇ ਵਿਚਾਰ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ ਜਿਸ ਲਈ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨਾਂ ਵਿਦਿਆਰਥੀਆਂ ਨੂੰ ਪੜਨ ਦੀ ਲਾਲਸਾ ਤਹਿਤ ਸ਼ਿੱਦਤ ਨਾਲ ਪੜਾਈ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਨੂੰ ਹੋਰ ਜ਼ਿਆਦਾ ਜਾਣਨ ਦੀ ਤਾਂਘ ਹੋਵੇ ਅਤੇ ਉਸ ਦੇ ਮਨ ਵਿੱਚ ਪ੍ਰਸ਼ਨ ਪੈਦਾ ਹੋਣ ਤਾਂ ਉਹ ਚੰਗਾ ਵਿਗਿਆਨੀ ਬਣ ਸਕਦਾ ਹੈ। ਉਨ੍ਹਾਂ ਨੇ ਬੀ.ਐਫ.ਜੀ.ਆਈ. ਦੀ ਵਿਚਾਰਧਾਰਾ ਅਤੇ ਮਿਸ਼ਨਰੀ ਪਹੁੰਚ ਤੋਂ ਪ੍ਰਭਾਵਿਤ ਹੋ ਕੇ ਸਵੈ ਇੱਛਾ ਨਾਲ ਵਿਦਿਆਰਥੀਆਂ ਦੀ ਕਾਊਂਸਲਿੰਗ ਅਤੇ ਅਗਵਾਈ ਲਈ ਆਪਣੇ ਤਜਰਬੇ ਅਤੇ ਸੇਵਾਵਾਂ ਦੀ ਪੇਸ਼ਕਸ਼ ਵੀ ਕੀਤੀ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇੱਕ ਵਧੀਆ ਅਧਿਆਪਕ ਜਾਂ ਸੱਚਾ ਕਾਊਂਸਲਰ ਹੀ ਵਿਦਿਆਰਥੀਆਂ ਦੀ ਸਹੀ ਕੈਰੀਅਰ ਚੁਣਨ ਵਿੱਚ ਮਦਦ ਕਰ ਸਕਦਾ ਹੈ ਜਿਸ ਲਈ ਕੈਰੀਅਰ ਬਾਰੇ ਗਾਈਡੈਂਸ ਦੇਣ ਦੇ ਨਾਲ-ਨਾਲ ਕਾਊਂਸਲਿੰਗ ਲਈ ਇੱਕ ਮਾਹਿਰ ਕਾਊਂਸਲਰ ਵੀ ਪੱਕੇ ਤੌਰ ’ਤੇ ਮੁਹੱਈਆ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬੀ. ਐਫ. ਜੀ.ਆਈ. ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਟਰੇਨਿੰਗ ਦੇ ਕੇ ਆਪਣੇ ਅਧਿਆਪਕਾਂ ਨੂੰ ਮਾਹਿਰ ਕਾਊਂਸਲਰ ਬਣਾਇਆ ਗਿਆ ਹੈ ਜੋ ਵਿਦਿਆਰਥੀਆਂ ਦੀ ਸਹੀ ਕਾਊਂਸਲਿੰਗ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਇਹ ਮਾਹਿਰ ਕਾਊਂਸਲਰ ਹੀ ਵਿਦਿਆਰਥੀਆਂ ਦਾ ਐਪਟੀਚਿਊਡ ਟੈੱਸਟ ਲੈਣਗੇ ਜੋ ਕਿ ਬੀ.ਐਫ.ਜੀ.ਆਈ. ਦੀ ਵੈੱਬਸਾਈਟ ’ਤੇ ਬਿਲਕੁਲ ਮੁਫ਼ਤ ਵਿੱਚ ਆਨਲਾਈਨ ਉਪਲਬਧ ਹੈ।
ਇਸ ਮੌਕੇ ਬੀ. ਡੀ. ਸ਼ਰਮਾ ਨੇ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਰਾਹੀਂ 10+2 ਨਾਨ-ਮੈਡੀਕਲ ਤੋਂ ਬਾਅਦ ਕੈਰੀਅਰ ਵਿਕਲਪਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਦੱਸਣਯੋਗ ਹੈ ਕਿ ‘10+2 (ਮੈਡੀਕਲ) ਤੋਂ ਬਾਦ ਕੈਰੀਅਰ ਵਿਕਲਪਾਂ’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਅਗਲੇ ਵੀਰਵਾਰ ਮਿਤੀ 4 ਜੂਨ, 2020 ਨੂੰ ਸ਼ਾਮ 5:30 ਵਜੇ ਹੋਵੇਗਾ। ਜਿਸ ਵਿੱਚ ਪ੍ਰੋ (ਡਾ.) ਆਰ. ਕੇ. ਕੋਹਲੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਅਤੇ ਡਾ. ਰਾਜ ਬਹਾਦਰ, ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵਿਦਿਆਰਥੀਆਂ ਦੇ ਸੁਆਲਾਂ ਦੇ ਆਨਲਾਈਨ ਜਵਾਬ ਦੇਣਗੇ।