ਅਸ਼ੋਕ ਵਰਮਾ
- ਪੰਜਾਬ ਭਰ ’ਚ ਕਿਸਾਨਾਂ ਵੱਲੋਂ ਅਰਥੀ ਫੂਕ ਮੁਜਾਹਰੇ
ਚੰਡੀਗੜ੍ਹ, 30 ਮਈ 2020 - ਮੋਟਰਾਂ ‘ਤੇ ਬਿੱਲ ਲਾਗੂ ਕਰਨ ਦੀ ਚਰਚਾ ਦੌਰਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੱਦੇ ਦੌਰਾਨ ਅੱਜ ਪੰਜਾਬ ਭਰ ‘ਚ ਵੱਖ-ਵੱਖ ਥਾਵਾਂ ‘ਤੇ ਪਾਵਰਕੌਮ ਦੇ ਦਫਤਰਾਂ ਅੱਗੇ ਅਰਥੀ-ਫੂਕ ਮੁਜ਼ਾਹਰੇ ਕੀਤੇ ਗਏ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਬਿੱਲ ਲਾਗੂ ਨਾ ਕਰਨ ਸਬੰਧੀ ਬਿਆਨ ਦੇ ਦਿੱਤਾ ਹੈ ਪਰ ਜਥੇਬੰਦੀ ਨੂੰ ਭਰੋਸਾ ਨਹੀਂ ਹੈ ਕਿਉਕਿ ਕਿਸਾਨਾਂ ਲਈ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਦੋਵੇਂ ਸਰਕਾਰਾਂ ਇਹ ਸਮਝ ਲੈਣ ਕਿ ਜਥੇਬੰਦੀਆਂ ਇਹ ਕਿਸਾਨ ਵਿਰੋਧੀ ਫੈਸਲਾ ਕਦੇ ਲਾਗੂ ਨਹੀਂ ਹੋਣ ਦੇਣਗੀਆਂ। ਉਨ੍ਹਾਂ ਆਖਿਆ ਕਿ ਸਰਕਾਰ ਨੇ ਕਿਸਾਨਾਂ ਨਾਲ ਪਹਿਲਾਂ ਵਾਅਦਾ ਕੀਤਾ ਸੀ ਪਰ ਸਰਕਾਰ ਹੁਣ ਆਪਣੇ ਵਾਅਦੇ ਤੋਂ ਭੱਜ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਤੇ ਯੂਨੀਅਨ ਵੱਲੋਂ ਲੜਾਈ ਲੜੀ ਜਾਵੇਗੀ ਅਤੇ ਕਿਸਾਨਾਂ ਨੂੰ ਚੇਤੰਨ ਕੀਤਾ ਜਾਵੇਗਾ।
ਜਥੇਬੰਦੀ ਦੇ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ, ਹਰਨੇਕ ਸਿੰਘ ਮਹਿਮਾ, ਮਹਿੰਦਰ ਸਿੰਘ ਭੈਣੀਬਾਘਾ, ਰਾਮ ਸਿੰਘ ਮਟੋਰੜਾ, ਗੁਰਮੇਲ ਸਿੰਘ ਢਕੜਬਾ, ਧਰਮਪਾਲ ਸਿੰਘ ਰੋੜੀਕਪੂਰਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲੇ ਸਬੰਧੀ ਉਦੋਂ ਚਰਚਾ ਕੀਤੀ ਹੈ, ਜਦੋਂ ਕੇਂਦਰੀ ਹਕੂਮਤ ਲਾਕਡਾਊਨ ਦੇ ਬਹਾਨੇ ਹੇਠ ਲੋਕ ਮਾਰੂ ਫੈਸਲੇ ਕਰ ਰਹੀ ਹੈ ਜਿਨ੍ਹਾਂ ’ਚ ਅੱਠ ਕੇਂਦਰੀ ਸ਼ਾਸ਼ਤ ਬਿਜਲੀ ਬੋਰਡਾਂ ਦਾ ਭੋਗ ਪਾਉਣਾ, ਡੀਜਲ ਪੈਟਰੋਲ ’ਤੇ ਟੈਕਸਾਂ ’ਚ ਵਾਧਾ ਕਰਨਾ ਅਤੇ ਬਿਜਲੀ ਸੋਧ ਬਿਲ-2020 ਰਾਹੀਂ ਸਮੁੱਚੇ ਭਾਰਤ ’ਚ ਬਿਜਲੀ ਖੇਤਰ ਨੂੰ ਕੇਂਦਰੀ ਸ਼ਕਤੀਆਂ ਅਧੀਨ ਕਰਨ ਦੇ ਫੈਸਲੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਇੱਕ ਲੱਖ ਕਰੋੜ ਤੋਂ ਵਧੇਰੇ ਕਰਜੇ ਦੇ ਸੰਕਟ ਵਿੱਚ ਫਸਿਆ ਹੋਇਆਂ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੈ ਫਿਰ ਵੀ ਸਰਕਾਰਾਂ ਖੇਤੀ ਵਿਰੋਧੀ ਫੈਸਲੇ ਲੈ ਰਹੀਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਐਤਵਾਰ ਨੂੰ ਸੰਗਰੂਰ, ਬਠਿੰਡਾ, ਲੁਧਿਆਣਾ ਅਤੇ ਹੋਰ ਕਈ ਇਲਾਕਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।