ਅਸ਼ੋਕ ਵਰਮਾ
- ਇੱਕ ਮਰੀਜ਼ ਠੀਕ ਹੋ ਕੇ ਘਰ ਪਰਤਿਆ
ਬਠਿੰਡਾ, 30 ਮਈ 2020 - ਬਠਿੰਡਾ ਜ਼ਿਲ੍ਹੇ ਵਿਚ ਅੱਜ ਦੂਸਰੇ ਦਿਨ ਵੀ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਸ਼ੁੱਕਰਵਾਰ ਨੂੰ 4 ਮਰੀਜ਼ ਸਾਹਮਣੇ ਆਏ ਸਨ। ਹੁਣ ਬਠਿੰਡਾ ਜਿਲ੍ਹੇ ’ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ। ਲਗਾਤਾਰ ਸਾਹਮਣੇ ਆ ਰਹੇ ਮਰੀਜ਼ਾਂ ਲੈ ਕੇ ਅਧਿਕਾਰੀ ਫਿਕਰਮੰਦ ਹੋ ਗਏ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਅੱਜ ਪ੍ਰਾਪਤ ਦੋ ਰਿਪਰਟਾਂ ਵਿਚੋਂ ਇੱਕ ਪਾਜ਼ੀਟਿਵ ਤੇ ਇੱਕ ਨੈਗੇਟਿਵ ਆਈ ਹੈ।
ਪਾਜ਼ੀਟਿਵ ਪਾਈ ਗਈ ਔਰਤ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲ੍ਹੇ ਵਿੱਚ ਆਉਣ ਤੋਂ ਲੈ ਕੇ ਹੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਸੀ। ਉਸਦੇ ਪਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ 25 ਮਈ ਨੂੰ ਦਿੱਲੀ ਤੋਂ ਵਾਪਿਸ ਆਈ ਸੀ ਅਤੇ ਰਾਮਾਂਮੰਡੀ ਦੀ ਰਹਿਣ ਵਾਲੀ ਸੀ। ਦੂਜੇ ਪਾਸੇ ਦੁਬਈ ਤੋਂ ਪਰਤੇ ਇਕ ਸਖ਼ਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕੁੱਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਇਸ ਸਖ਼ਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ 4 ਕੱਲ ਆਏ ਪਾਜ਼ੀਟਿਵ ਕੇਸਾਂ ਸਮੇਤ ਕੁੱਲ 5 ਐਕਟਿਵ ਕੇਸ ਹਨ। ਦੂਜੇ ਪਾਸੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਭੇਜੇ ਗਏ 113 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।