ਨਿਰਵੈਰ ਸਿੰਘ ਸਿੰਧੀ
- ਸਥਾਨਕ ਸਿਵਲ ਹਸਪਤਾਲ ਚੌਂਕ ਚ ਫੂਕੀ ਪੰਜਾਬ ਸਰਕਾਰ ਦੀ ਅਰਥੀ
- ਆਗੂਆਂ ਵੱਲੋਂ ਨਹੀਂ ਰੱਖਿਆ ਗਿਆ ਸੋਸ਼ਲ ਡਿਸਟੇਨਸਿੰਗ ਦਾ ਧਿਆਨ |
ਮਮਦੋਟ, 30 ਮਈ 2020 - ਹਾਲ ਹੀ ਵਿਚ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਕਿਸਾਨਾਂ ਦੀਆਂ ਖੇਤਾਂ ਦੀਆਂ ਮੋਟਰਾਂ ਦੇ ਬਿੱਲ ਲਾਉਣ ਨੂੰ ਲੈ ਕੇ ਦਿੱਤੇ ਸੰਕੇਤ ਦੇ ਵਿਰੋਧ ਵਿਚ ਅੱਜ ਸਬ ਡਿਵੀਜਨ ਮਮਦੋਟ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਧਰਨਾ ਦਿੱਤਾ ਗਿਆ। ਪਰੰਤੂ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਇਕੱਠੇ ਹੋਏ ਕਿਸਾਨਾਂ ਵੱਲੋਂ ਜਨਤਕ ਦੂਰੀ ਦਾ ਕੋਈ ਪਾਲਣ ਨਹੀਂ ਕੀਤਾ ਗਿਆ।
ਧਰਨੇ ਉਪਰੰਤ ਮਮਦੋਟ ਦੇ ਸਿਵਲ ਹਸਪਤਾਲ ਚੌਂਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰੀ ਹਕੂਮਤ ਦੀਆਂ ਕਿਸਾਨ ਮਾਰੂ ਸ਼ਰਤਾਂ ਅੱਗੇ ਗੋਡੇ ਟੇਕਦਿਆਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਦੇ ਹੋਏ ਖੇਤੀਬਾੜੀ ਮੋਟਰਾਂ ਲਈ ਡੀ. ਬੀ .ਟੀ ਸਕੀਮ ਲਾਗੂ ਕਰਕੇ ਬਿਜਲੀ ਬਿੱਲ ਵਸੂਲਣ ਦੇ ਫੈਸਲੇ ਤੇ ਮੋਹਰ ਲਗਾ ਕੇ ਪਹਿਲਾਂ ਤੋਂ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਹੋਰ ਮੁਸ਼ਕਿਲਾਂ ਪੈਦਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਫੈਸਲੇ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਤੁਰੰਤ ਵਾਪਿਸ ਲਵੇ ਨਹੀਂ ਤਾਂ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਪੱਧਰ ਤੇ ਕੇਂਦਰ ਅਤੇ ਪੰਜਾਬ ਸਰਕਾਰੀ ਦੀਆਂ ਅਰਥੀਆਂ ਫੂਕਣ ਲਈ ਮਜਬੂਰ ਹੋਵੇਗੀ। ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਫੈਸਲਾ ਕੇਂਦਰੀ ਹਕੂਮਤ ਦੇ ਦਬਾਅ ਹੇਠ ਉਸ ਵੇਲੇ ਲੈ ਰਹੀ ਹੈ ਜਦੋ ਪੂਰੇ ਭਾਰਤ ਅੰਦਰ ਕਰੋਨਾ ਮਹਾਮਾਰੀ ਦੌਰਾਨ ਸੂਬੇ ਦਾ ਕਿਸਾਨ ਭੂਰੇ ਭਾਰਤ ਵਾਸਤੇ ਅੰਨਦਾਤਾ ਦਾ ਰੋਲ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ 8 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਬਿਜਲੀ ਬੋਰਡ ਦਾ ਭੋਗ ਪਾ ਚੁਕੀ ਹੈ ਅਤੇ ਪੀ.ਪੀ.ਪੀ ਸਕੀਮ ਅਧੀਨ ਦੇਸ਼ ਦੇ 6 ਹਵਾਈ ਅੱਡੇ ਪ੍ਰਾਈਵੇਟ ਅਦਾਰਿਆਂ ਨੂੰ ਸੌਂਪਣ ਅਤੇ ਡੀਜਲ ,ਪਟਰੋਲ ਉੱਪਰ ਐਕਸਾਈਜ ਅਤੇ ਵੈਟ ਡਿਊਟੀ ਵਧਾਉਣ ਦੇ ਨਾਲ ਨਾਲ ਸਮੁਚੇ ਭਾਰਤ ਵਿਚ ਪਾਵਰ ਕਾਮ ਨੂੰ ਕੇਂਦਰ ਅਧਿਕਾਰਿਤ ਕਰਨ ਦੇ ਫੈਸਲੇ ਲੈ ਚੁੱਕੀ ਹੈ ਜਿਸਦਾ ਸਿੱਧਾ ਅਸਰ ਪੰਜਾਬ ਦੇ ਖੇਤੀ ਸੈਕਟਰ ਉੱਪਰ ਪਵੇਗਾ।
ਉਹਨਾਂ ਸਰਕਾਰ ਨੂੰ ਚੇਤਵਨੀ ਦਿੰਦਿਆਂ ਕਿਹਾ ਕਿ ਇਹਨਾਂ ਫੈਸਲਿਆਂ ਨੂੰ ਤੁਰੰਤ ਵਾਪਿਸ ਲਿਆ ਜਾਵੇ ਤਾਂ ਜੋ ਦੇਸ਼ ਦੀ ਨਿੱਘਰ ਚੁੱਕੀ ਕਿਸਾਨੀ ਨੂੰ ਹੋਰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੜਮਾਂ ,ਸ਼ਮਸ਼ੇਰ ਸਿੰਘ ਸ਼ਹਿਜ਼ਾਦੀ ,ਰੇਸ਼ਮ ਸਿੰਘ ਵਾੜਾ ਭਾਈ ਕਾ ,ਬਾਜ ਸਿੰਘ ,ਹਰਬੰਸ ਸਿੰਘ ਮਹਿਮਾਂ ,ਬਲਕਾਰ ਸਿੰਘ ,ਹਰਬੰਸ ਸਿੰਘ ਜੋਸ਼ਪੁਰ ,ਮਲਕੀਤ ਸਿੰਘ ਕੜਮਾਂ ਆਦਿ ਆਗੂਆਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।