ਅਸ਼ੋਕ ਵਰਮਾ
ਬਠਿੰਡਾ, 30 ਮਈ 2020 - ਜਲਦ ਹੀ ਬਠਿੰਡਾ ਸ਼ਹਿਰ ਦੇ ਪ੍ਰਮੁੱਖ ਬਜਾਰ ਨਵੀਂ ਆਕਰਸ਼ਕ ਦਿੱਖ ਵਿੱਚ ਸਜ ਕੇ ਗ੍ਰਾਹਕਾਂ ਨੂੰ ਜੀ ਆਇਆ ਨੂੰ ਕਿਹਾ ਕਰਨਗੇ। ਇਸ ਲਈ ਸੂਬਾ ਸਰਕਾਰ ਵੱਲੋਂ ਨਗਰ ਨਿਗਮ ਬਠਿੰਡਾ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਮਾਰਫ਼ਤ ਪ੍ਰੈਜੈਕਟ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਤੀ ਜੋ ਕਿ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਵਿਚ ਪੈਦਲ ਚੱਲ ਕੇ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਮਿਲਣ ਪੁੱਜੇ। ਇਸ ਮੌਕੇ ਉਨ੍ਹਾਂ ਲਾਕਡਾਉਨ ਦੌਰਾਨ ਦਿੱਤੇ ਸਹਿਯੋਗ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਹੁਣ ਵੀ ਕਾਰੋਬਾਰ ਚਲਾਉਣ ਮੌਕੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਕਰੋਨਾ ਨੂੰ ਫੈਲਣ ਤੋਂ ਰੋਕ ਸਕੀਏ।
ਵਿੱਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਇੰਟਰਲਾਕਿੰਗ ਕਰਕੇ ਇਕਸਾਰ ਫੁੱਟਪਾਥ ਬਣਾਏ ਜਾਣਗੇ। ਉਨਾਂ ਨੇ ਇਸ ਸਬੰਧੀ ਕੰਮ ਤੁਰੰਤ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਨੇ ਵਿਭਾਗਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਇਸ ਤਰੀਕੇ ਨਾਲ ਕੀਤੇ ਜਾਣ ਕਿ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਨਾ ਹੋਵੇ। ਬਾਦਲ ਨੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਕਿਹਾ ਕਿ ਨਗਰ ਨਿਗਮ ਦੇ ਚੱਲ ਰਹੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਮੁੰਕਮਲ ਕੀਤਾ ਜਾਵੇ ਅਤੇ ਜੋ ਕੰਮ ਸ਼ੁਰੂ ਹੋਣ ਵਾਲੇ ਹਨ ਉਨਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਟਰ ਟਰੀਟਮੈਂਟ ਪਲਾਂਟ ਅਗਲੇ ਮਹੀਨੇ ਪੂਰਾ ਹੋ ਜਾਵੇਗਾ ਜਦ ਕਿ ਸ਼ਹਿਰ ਵਿਚ 16 ਕਰੋੜ ਰੁਪਏ ਨਾਲ ਨਵੇਂ ਇਲਾਕਿਆਂ ਤੱਕ ਪੀਣ ਦਾ ਪਾਣੀ ਪੁੱਜਦਾ ਕਰਨ ਲਈ 66 ਕਿਲੋਮੀਟਰ ਨਵੀਂ ਪਾਈਪਲਾਈਨ ਪਾਉਣ ਦਾ ਪ੍ਰੋਜੈਕਟ ਵੀ ਸਰਕਾਰ ਦੀ ਤਰਜੀਹ ਵਿਚ ਸ਼ਾਮਿਲ ਹੈ।
ਬਾਰਿਸ਼ਾਂ ਦੌਰਾਨ ਮੁਸ਼ਕਿਲ ਨਹੀਂ
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਨਿਗਮ ਵੱਲੋਂ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਬਾਰਿਸ਼ਾਂ ਦੌਰਾਨ ਲੋਕਾਂ ਨੂੰ ਜਲ ਭਰਾਵ ਸਬੰਧੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ ਸ਼ਹਿਰ ਦੀਆਂ ਰੋਡ ਜਾਲੀਆਂ ਸਾਫ ਕੀਤੀਆਂ ਜਾ ਰਹੀਆਂ ਹਨ। ਸੀਵਰੇਜ ਵਿਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ ਜਦ ਕਿ ਮੇਨ ਸੀਵਰਲਾਈਨ ਵਿਚੋਂ ਗਾਰ ਕੱਢਣ ਲਈ ਸੁਪਰ ਸ਼ਕਸ਼ਨ ਮਸ਼ੀਨ ਵੀ ਮੰਗਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਜੇ ਟੋਭਾ ਦੀ ਜਲਭੰਡਾਰ ਸਮਰੱਥਾ 5 ਮੀਲੀਅਨ ਲੀਟਰ ਤੋਂ ਵਧਾ ਕੇ 32 ਮੀਲੀਅਨ ਲੀਟਰ ਅਤੇ ਡੀਏਵੀ ਟੋਭੇ ਦੀ ਜਲਭੰਡਾਰ ਸਮਰੱਥਾ 4 ਤੋਂ ਵਧਾ ਕੇ 20 ਮੀਲੀਅਨ ਲੀਟਰ ਕੀਤੀ ਗਈ ਹੈ। ਇਸ ਤੋਂ ਬਿਨਾਂ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਮੇਨ ਸੀਵਰੇਜ ਵਰਕਸ ਦੇ ਨੇੜੇ 16 ਏਕੜ ਵਿਚ ਇਕ ਹੋਰ ਟੋਭਾ ਬਰਸਾਤਾਂ ਤੋਂ ਪਹਿਲਾਂ ਤਿਆਰ ਕੀਤਾ ਜਾਣਾ ਹੈ ਜਿਸ ਲਈ ਵਿੱਤ ਮੰਤਰੀ ਨੇ ਮੌਕੇ ਤੇ ਹੀ 15 ਲੱਖ ਰੁਪਏ ਜਾਰੀ ਕੀਤੇ। ਇਸ ਤੋਂ ਬਿਨਾਂ ਡਿਸਪੋਜਲ ਵਰਕਸ ਤੇ 5 ਨਵੀਂਆਂ ਮੋਟਰਾਂ ਲਗਾਈਆਂ ਜਾਣਗੀਆਂ ਤਾਂ ਜੋ ਬਰਸਾਤ ਦੇ ਪਾਣੀ ਦੀ ਤੇਜੀ ਨਾਲ ਨਿਕਾਸੀ ਹੋ ਸਕੇ।
ਦਾਸ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ
ਇਸ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਉਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਲੱਗੇ ਕਰਫਿਊ ਕਾਰਨ ਉਹ ਪੁੱਜ ਨਹੀਂ ਸਕੇ ਸਨ। ਲੋਕਾਂ ਨੇ ‘ਦਾਸ ਜੀ’ ਨਾਲ ਆਪਣੀਆਂ ਯਾਦਾਂ ਵਿੱਤ ਮੰਤਰੀ ਨਾਲ ਸਾਂਝੀਆਂ ਕੀਤੀਆਂ।
ਕਾਲੂ ਰਾਮ ਨੂੰ ਮਿਲੀ ਟ੍ਰਾਈਸਾਈਕਲ
ਬਜਾਰਾਂ ਦੇ ਦੌਰੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਪੋਸਟ ਆਫਿਸ ਬਜਾਰ ਵਿਚ ਇਕ ਦੁਕਾਨ ਅੱਗੇ ਬੈਠਕੇ ਦਰਜੀ ਦਾ ਕੰਮ ਕਰਨ ਵਾਲੇ ਕਾਲੂ ਰਾਮ ਦੀ ਟ੍ਰਾਈਸਾਈਕਲ ਦੀ ਖਸਤਾ ਹਾਲਤ ਵੇਖੀ ਤਾਂ ਉਨਾਂ ਨੇ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਿਅਕਤੀ ਨੂੰ ਨਵੀਂ ਟ੍ਰਾਈਸਾਈਕਲ ਦੇਣ ਦੀ ਵਿਵਸਥਾ ਕੀਤੀ ਜਾਵੇ। ਇਸ ਤੇ ਅੱਜ ਹੀ ਟ੍ਰਾਈਸਾਈਕਲ ਮੁਹਈਆ ਕਰਵਾ ਦਿੱਤੀ ਗਈ ਜਿਸ ਤੇ ਕਾਲੂ ਰਾਮ ਨੇ ਕੈਬਨਿਟ ਮੰਤਰੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਵਿੱਤ ਮੰਤਰੀ ਨੂੰ ਪ੍ਰੰਸ਼ਸਾ ਪੱਤਰ
ਅਕਸਰ ਆਪਣੇ ਇਲਾਕੇ ਵਿਚ ਆਉਣ ਤੇ ਕੈਬਨਿਟ ਮੰਤਰੀਆਂ ਨੂੰ ਲੋਕਾਂ ਵੱਲੋਂ ਮੰਗ ਪੱਤਰ ਦਿੱਤੇ ਜਾਂਦੇ ਹਨ ਪਰ ਅੱਜ ਬਠਿੰਡਾ ਦੇ ਬਜਾਰਾਂ ਵਿਚ ਅਨੋਖਾ ਵਰਤਾਰਾ ਵੇਖਣ ਨੂੰ ਮਿਲਿਆ। ਜਦ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਧੋਬੀ ਬਜਾਰ ਦਾ ਦੌਰਾ ਕਰ ਰਹੇ ਸਨ ਤਾਂ ਟ੍ਰੇਡਰ ਐਸੋਸੀਏਸ਼ਨ ਵੱਲੋਂ ਉਨਾਂ ਨੂੰ ਪ੍ਰੰਸਸ਼ਾ ਪੱਤਰ ਭੇਂਟ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਨੁੰਮਾਇੰਦਿਆਂ ਨੇ ਕੋਵਿਡ ਸੰਕਟ ਦੌਰਾਨ ਬੰਠਿਡਾ ਵਿਚ ਸੂਬਾ ਸਰਕਾਰ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਲਈ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ।