ਅਸ਼ੋਕ ਵਰਮਾ
- ਜੁਲਾਈ ਤੱਕ ਮੁਸਤੈਦੀ ਰੱਖਣ ਦੀ ਸਲਾਹ
ਬਠਿੰਡਾ, 30 ਮਈ 2020 - ਦੋ ਦਿਨ ਤੋਂ ਵਗੀਆਂ ਤੇਜ ਹਵਾਵਾਂ ਨੇ ਪੰਜਾਬ ਚੋਂ ਇੱਥ ਵਾਰ ਕਾਫੀ ਹੱਦ ਤੱਕ ਟਿੱਡੀ ਦਲ ਦਾ ਖਤਰਾ ਟਾਲ ਦਿੱਤਾ ਹੈ ਪਰ ਅਧਿਕਾਰੀਆਂ ਨੇ ਮੁਸਤੈਦੀ ਬਰਕਰਾਰ ਰੱਖੀ ਹੋਈ ਹੈ। ਪੰਜਾਬ ਨੂੰ ਹੁਣ ਸਿਰਫ ਜੁਲਾਈ ਮਹੀਨੇ ਦੌਰਾਨ ਹੀ ਕਿਸੇ ਖਤਰੇ ਦੀ ਸੰਭਾਵਨਾ ਬਣ ਸਕਦੀ ਹੈ। ਉਂਝ ਖੇਤੀ ਵਿਭਾਂਗ ਨੇ ਕਿਸਾਨਾਂ ਨੂੰ ਚੌਕਸੀ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਖਾਸ ਤੌਰ ਤੇ ਹਰਿਆਣਾ ਨਾਂਲ ਲੱਗਦੇ ਪਿੰਡਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਖਤਰੇ ਦੀ ਸੂਰਤ ’ਚ ਫੌਰੀ ਤੌਰ ਤੇ ਅਧਿਕਾਰੀਆਂ ਨੂੰ ਸੂਚਨਾ ਦੇਣ ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਵੀਰਵਾਰ ਦੀ ਸ਼ਾਮ ਨੂੰ ਤੇਜ ਹਨੇਰੀ ਚੱਲੀ ਸੀ ਜੋ ਪੰਜਾਬ ਦੇ ਖੇਤਾਂ ਲਈ ਵਰਦਾਨ ਸਾਬਤ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇੰਨਾਂ ਹਵਾਵਾਂ ਦੀ ਬਦੌਲਤ ਹੁਣ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਕਾਫ਼ੀ ਘੱਟ ਗਈ ਹੈ। ਹਵਾ ਕਾਰਨ ਹੁਣ ਟਿੱਡੀ ਦਲ ਰਾਵਤਸਰ ਦੇ ਨਜ਼ਦੀਕ ਚਲਾ ਗਿਆ ਹੈ ਜੋਕਿ ਪੰੰਜਾਬ ਤੋਂ ਕਰੀਬ 125 ਕਿੱਲੋਮੀਟਰ ਦੇ ਕਰੀਬ ਬਣਦਾ ਹੈ। ਵੀਰਵਾਰ ਨੂੰ ਟਿੱਡੀਆਂ ਪੰਜਾਬ ਤੋਂ ਮਸਾਂ 60-65 ਕਿੱਲੋ ਮੀਟਰ ਦੀ ਦੂਰੀ ਤੇ ਪੁੱਜ ਗਈਆਂ ਸਨ ਜਿਸ ਨੂੰ ਦੇਖਦਿਆਂ ਅਧਿਕਾਰੀ ਫਿਕਰਮੰਦ ਹੋ ਗਏ ਸਨ।
ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਤੇਜ ਹਵਾ ਦੇ ਦਬਾਅ ਕਾਰਨ ਟਿੱਡੀ ਦਲ ਪੰੰਜਾਬ ਤੋਂ ਦੂਰ ਚਲਾ ਗਿਆ ਹੈ ਫਿਰ ਵੀ ਜੁਲਾਂਈ ਤੱਕ ਖਤਰੇ ਦੀ ਸੰਭਾਵਨਾਂ ਨੂੰ ਦੇਖਦਿਆਂ ਚੌਕਸੀ ਨੂੰ ਲਗਾਤਾਰ ਬਣਾ ਕੇ ਰੱਖਿਆ ਜਾਏਗਾ। ਉਨਾਂ ਦੱਸਿਆ ਕਿ ਟਿੱਡੀ ਦਲ ਨਾਲ ਟਾਕਰੇ ਨੂੰ ਹੋਰ ਵੀ ਪੁਖਤਾ ਬਨਾਉਣ ਦੇ ਮੰਤਵ ਨਾਂਲ ਪੁਲਿਸ ਮਹਿਕਮੇ ਕੋਲੋਂ ਅੱਖਾਂ ਚੁੰਧਿਆ ਦੇਣ ਵਾਲੀਆਂ ਡਰੈਗਨ ਲਾਈਟਾਂ ਦਾ ਇੰਤਜਾਮ ਕਰਨ ਦੇ ਯਤਨ ਜਾਰੀ ਹਨ ਤਾਂ ਜੋ ਹਨੇਰੇ ’ਚ ਦੇਖਣ ਦੀ ਸਮਰੱਥਾ ਵਧਾਈ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਫਾਇਰ ਬਿ੍ਰਗੇਡ ਦੀਆਂ ਸਾਰੀਆਂ ਹੀ ਗੱਡੀਆਂ ਨੂੰ ਸਟੈਂਡ ਬਾਈ ਮੋਡ ਤੇ ਰਹਿਣ ਲਈ ਆਖਿਆ ਗਿਆ ਹੈ। ਜਿਲਾ ਪ੍ਰਸ਼ਾਸ਼ਨ ਨੇ ਪੰਜਾਬ-ਹਰਿਆਣਾ ਸੀਮਾ ’ਤੇ ਸਥਿਤ ਪਿੰਡ ਡੂੰਮਵਾਲੀ ਦੇ ਬੈਰੀਅਰ ’ਤੇ ਪੁਲਿਸ ਦੀਆਂ ਟੁਕੜੀਆਂ ਤੋਂ ਇਲਾਵਾ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੂੰ ਵੀ ਜਿਓਂ ਦੇ ਤਿਓਂ ਕੰਮ ਕਰਦੇ ਰਹਿ ਲੲਂ ਕਿਹਾ ਹੈ। ਪਤਾ ਲੱਗਿਆ ਹੈ ਕਿ ਜਿਲਾ ਪ੍ਰਸ਼ਾਸ਼ਨ ਨੇ ਕੌਮੀ ਖਾਦ ਕਾਰਖਾਨੇ, ਤੇਲ ਡਿਪੂਆਂ ਅਤੇ ਬਠਿੰੰਡਾ ਰਿਫਾਇਨਰੀ ਦੇ ਅੱਗ ਬੁਝਾਊ ਦਸਤਿਆਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਖੇਤੀਬਾੜੀ ਵਿਭਾਗ ਬਠਿੰਡਾ ਦੇ ਬਲਾਕ ਸੰਗਤ ਦੇ ਖੇਤੀ ਵਿਕਾਸ ਅਫਸਰ ਡਾ. ਅਸਮਾਨਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਰਾਜਸਥਾਨ ਸਰਕਾਰ ਦੇ ਯਤਨਾਂ ਅਤੇ ਪੰਜਾਬ ਤੋਂ ਰਾਜਸਥਾਨ ਤਰਫ ਵਗੀਆਂ ਤੇਜ ਹਵਾਵਾਂ ਕਾਰਨ ਟਿੱਡੀ ਦਲ ਰਾਵਤਸਰ ਅਤੇ ਹਨੂੰਮਾਨਗੜ ਖਿੱਤੇ ’ਚ ਜਾ ਪਹੁੰਚਿਆ ਹੈ। ਊਨਾਂ ਦੱਸਿਆ ਕਿ ਰਾਜਸਥਾਨ ਸਰਕਾਰ ਵੀ ਵੱਡੇ ਪੱਧਰ ਤੇ ਟਿੱਡੀਆਂ ਤੇ ਕਾਬੂ ਪਾਉਣ ’ਚ ਸਫਲ ਹੋਈ ਹੈ ਜਦੋਂਕਿ ਅਜੇ ਵੀ ਇਹ ਆਪਰੇਸ਼ਨ ਜਾਰੀ ਹੈ। ਉਨਾਂ ਦੱਸਿਆ ਕਿ ਹਾਲਾਂਕਿ ਹਮਲੇ ਦੀਆਂ ਸੰਭਾਵਨਾਵਾਂ ਘਟੀਆਂ ਹਨ ਪਰ ਉਹ ਚੌਕਸੀ ਜਾਰੀ ਰੱਖ ਰਹੇ ਹਨ ਬਲਕਿ ਲੋੜ ਅਨੁਸਾਰ ਹੋਰ ਵੀ ਸਾਜ਼ੋਸਮਾਨ ਦੇ ਇੰਤਜਾਮ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹਮਲੇ ਦਾ ਖਤਰਾ ਅਜੇ ਜੁਲਾਈ ਤੱਕ ਬਣਿਆ ਰਹੇਗਾ ਜਿਸ ਕਰਕੇ ਸਿਰਫ ਮਹਿਕਮੇ ਨੂੰ ਹੀ ਨਹੀਂ ਕਿਸਾਨਾਂ ਨੂੰ ਵੀ ਮੁਸਤੈਦ ਰਹਿਣ ਦੀ ਜਰੂਰਤ ਹੈ।