ਜੀ ਐਸ ਪੰਨੂ
ਪਟਿਆਲਾ, 31 ਮਈ 2020 - ਸਰਕਾਰੀ ਹਾਈ ਸਕੂਲ ਬੋਲੜ ਕਲਾਂ ਵਿਖੇ ਤਾਇਨਾਤ ਸਮਾਜਿਕ ਸਿੱਖਿਆ ਦੇ ਅਧਿਆਪਕ ਭੁਪਿੰਦਰ ਸਿੰਘ ਦੀ ਸਿਆਸੀ ਦਬਾਅ ਅਧੀਨ ਸਰਕਾਰੀ ਹਾਈ ਸਕੂਲ ਪਿੱਪਲਖੇੜੀ ਵਿਖੇ ਕੀਤੀ ਗਈ। ਡੈਪੂਟੇਸ਼ਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਐੱਸ.ਐੱਸ.ਏ/ ਰਮਸਾ ਅਧਿਆਪਕ ਯੂਨੀਅਨ ਦੇ ਵਫ਼ਦ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਹਰਿੰਦਰ ਕੌਰ ਨੂੰ ਰੋਸ-ਪੱਤਰ ਦਿੰਦਿਆਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਡੈਪੁਟੇਸ਼ਨ ਰੱਦ ਨਾ ਹੋਈ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਜਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਤੋਂ ਬਾਅਦ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ ਅਤੇ ਵਿਕਰਮਦੇਵ ਸਿੰਘ ਨੇ ਆਖਿਆ ਕਿ ਮਾਸਟਰ ਭੁਪਿੰਦਰ ਸਿੰਘ ਨੇ ਨਾ ਸਿਰਫ਼ ਪਿਛਲੇ ਗਿਆਰਾਂ ਸਾਲ ਤੋਂ ਸਰਕਾਰੀ ਹਾਈ ਸਕੂਲ ਬੋਲੜ ਕਲਾਂ ਵਿਖੇ ਬੱਚਿਆਂ ਦੀ ਪੜ੍ਹਾਈ ਲਈ ਸਖ਼ਤ ਮਿਹਨਤ ਕੀਤੀ ਹੈ ਸਗੋਂ ਲੰਮਾ ਸਮਾਂ ਸਕੂਲ ਇੰਚਾਰਜ ਰਹਿੰਦਿਆਂ ਸਕੂਲ ਦੀ ਬਿਲਡਿੰਗ ਦੇ ਵਿਸਤਾਰ ਅਤੇ ਸੁੰਦਰੀਕਰਨ ਲਈ ਵੀ ਅਨੇਕਾਂ ਉਪਰਾਲੇ ਕੀਤੇ ਹਨ ਜਿਸ ਕਾਰਨ ਇਹ ਸਕੂਲ ਪੰਜਾਬ ਦੇ ਸਭ ਤੋਂ ਵੱਧ ਖੂਬਸੂਰਤ ਸਰਕਾਰੀ ਸਕੂਲਾਂ ਵਿੱਚ ਸ਼ੁਮਾਰ ਹੋਇਆ ਹੈ।
ਭੁਪਿੰਦਰ ਸਿੰਘ ਜਦੋਂ 2009 ਵਿੱਚ ਇਸ ਸਕੂਲ ਦਾ ਇੰਚਾਰਜ ਬਣਿਆ ਸੀ ਉਦੋਂ ਇਸ ਸਕੂਲ ਵਿੱਚ ਸਿਰਫ਼ 9 ਬੱਚੇ ਪੜ੍ਹਦੇ ਸਨ ਜਦਕਿ ਅੱਜ ਇਸ ਸਕੂਲ ਵਿੱਚ 247 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਅਤੇ ਸਕੂਲ ਵੀ ਮਿਡਲ ਤੋਂ ਹਾਈ ਅਪਗ੍ਰੇਡ ਹੋ ਗਿਆ ਹੈ। ਇਸ ਅਧਿਆਪਕ ਦੀ ਮਿਹਨਤ ਅਤੇ ਸਕੂਲ ਦੀ ਖੂਬਸੂਰਤੀ ਸੰਬੰਧੀ ਜਿੱਥੇ ਵੱਖ-ਵੱਖ ਅਖਬਾਰਾਂ ਵਿੱਚ ਅਨੇਕਾਂ ਵਾਰ ਖਬਰਾਂ ਲੱਗ ਚੁੱਕੀਆਂ ਹਨ,ਉੱਥੇ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ਼ ਉੱਤੇ ਵੀ ਦੋ ਵਾਰ ਇਸ ਸਕੂਲ ਦੀ ਪ੍ਰਸੰਸਾ ਕੀਤੀ ਗਈ ਹੈ। ਭੁਪਿੰਦਰ ਸਿੰਘ ਨੂੰ ਉਸਦੀ ਕਾਰਗੁਜ਼ਾਰੀ ਲਈ ਦੋ ਵਾਰ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਇੱਕ ਵਾਰ ਸਿੱਖਿਆ ਸਕੱਤਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਅਜਿਹੇ ਮਿਹਨਤੀ ਅਤੇ ਕਾਬਲ ਅਧਿਆਪਕ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਧਿਆਪਕ ਆਗੂਆਂ ਅਤਿੰਦਰ ਘੱਗਾ ਅਤੇ ਭਰਤ ਕੁਮਾਰ ਨੇ ਆਖਿਆ ਕਿ ਪਿੰਡ ਦੀ ਸਰਪੰਚ ਵੱਲੋਂ ਕੀਤੀ ਝੂਠੀ ਸ਼ਿਕਾਇਤ ਵਿੱਚੋਂ ਡਾਇਰੈਕਟਰ ਸਿੱਖਿਆ ਵਿਭਾਗ,ਪੰਜਾਬ ਵੱਲੋਂ ਨਿਰਦੋਸ਼ ਸਾਬਿਤ ਹੋ ਜਾਣ ਦੇ ਬਾਵਜੂਦ ਵੀ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਿਆਸੀ ਦਬਾਅ ਅਧੀਨ ਭੁਪਿੰਦਰ ਸਿੰਘ ਦੀ ਕੀਤੀ ਗਈ ਡੈਪੂਟੇਸ਼ਨ ਸਮੁੱਚੇ ਅਧਿਆਪਕ ਵਰਗ ਦੇ ਮਾਨ-ਸਨਮਾਨ ਤੇ ਹਮਲਾ ਹੈ। ਉਹਨਾਂ ਐਲਾਨ ਕੀਤਾ ਕਿ ਜੇਕਰ ਇਹ ਡੈਪੂਟੇਸ਼ਨ ਤੁਰੰਤ ਰੱਦ ਨਾ ਕੀਤੀ ਗਈ ਤਾਂ 8 ਜੂਨ ਨੂੰ ਜਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ,ਹਰਵਿੰਦਰ ਰੱਖੜਾ,ਹਰਿੰਦਰ ਸਿੰਘ,ਤਰਸੇਮ ਸਿੰਘ,ਲਖਵਿੰਦਰ ਸਿੰਘ,ਦਵਿੰਦਰ ਸਿੰਘ,ਅਮਨਦੀਪ ਸਿੰਘ,ਆਦਿ ਅਧਿਆਪਕ ਵੀ ਹਾਜ਼ਰ ਸਨ।