ਅਸ਼ੋਕ ਵਰਮਾ
ਬਠਿੰਡਾ, 31 ਮਈ 2020 - ਬਠਿੰਡਾ ਜਿਲ੍ਹੇ ਦੇ ਪਿੰਡ ਨੰਦਗੜ੍ਹ ’ਚ ਰਾਸ਼ਨ ਵੰੰਡਣ ਆਏ ਅਧਿਕਾਰੀਆਂ ਵੱਲੋਂ ਗਰੀਬਾਂ ਨੂੰ ਨੀਲੇ ਕਾਰਡ ਨਾ ਹੋਣ ਦੇ ਬਹਾਨੇ ਜਵਾਬ ਦੇਣ ਤੋਂ ਰੋਹ ’ਚ ਆਏ ਲੋਕਾਂ ਨੇ ਦਿਹਾਤੀ ਮਜਦੂਰ ਸਭਾ ਦੀ ਅਗਵਾਈ ’ਚ ਰੋਸ ਵਿਖਾਵਾ ਕੀਤਾ। ਇਸ ਵਿਤਕਰੇਬਾਜੀ ਦੇ ਖਿਲਾਫ਼ ਗਰੀਬ ਲੋਕਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕਰਦਿਆਂ ਮੰਗ ਕੀਤੀ ਕਿ ਰਾਸ਼ਨ ਅਸਲੀ ਲੋੜਵੰਦਾਂ ਨੂੰ ਮਿਲਣਾ ਚਾਹੀਦਾ ਹੈ।
ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਨੇ ਦੱਸਿਆ ਕਿ ਪਿੰਡ ਨੰਦਗੜ੍ਹ ਵਿਖੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜਦੋਂ ਪਿੰਡ ਵਿੱਚ ਰਾਸ਼ਨ ਵੰਡਣ ਆਏ ਤਾਂ ਪਿੰਡ ਦੇ ਬੇਜਮੀਨੇ ਅਤੇ ਸਾਧਨਹੀਣ ਮਜਦੂਰ, ਜਿਨਾਂ ਵਿੱਚ ਭਾਰੀ ਗਿਣਤੀ ਦਲਿਤਾਂ ਦੀ ਹੈ ,ਰਾਸ਼ਨ ਲੈਣ ਲਈ ਪੁੱਜ ਗਏ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਇਨਾਂ ਚੋਂ ਬਹੁਗਿਣਤੀ ਗਰੀਬ ਟੱਬਰਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਤੁਹਾਡੇ ਨੀਲੇ ਕਾਰਡ ਨਹੀਂ ਬਣੇ। ਗਰੀਬਾਂ ਨੇ ਜਦੋਂ ਇਹ ਦੇਖਿਆ ਕਿ ਪਿੰਡ ਦੇ ਖਾਂਦੇ-ਪੀਂਦੇ ਟੱਬਰਾਂ ਨੂੰ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਉਨਾਂ ਦੇ ਗਮ ਅਤੇ ਗੁੱਸੇ ਦੀ ਕੋਈ ਹੱਦ ਨਾ ਰਹੀ ਅਤੇ ਉਨ੍ਹਾਂ ਰੋਸ ਜਤਾਇਆ।
ਇਸ ਮੌਕੇ ਗੱਲ ਕਰਦਿਆਂ ਪਿੰਡ ਵਾਸੀਆਂ ਜਨਕ ਸਿੰਘ, ਗੁਰਦੀਪ, ਗੁਰਚਰਨ, ਮਨਪ੍ਰੀਤ, ਮਨਦੀਪ, ਜਗਤਾਰ ਆਦਿ ਨੇ ਦੱਸਿਆ ਕਿ ਰਾਸ਼ਨ ਲੈਣ ਵਾਲੇ ਸਾਰੇ ਚੰਗੀ ਜਮੀਨ ਜਾਇਦਾਦ ਦੇ ਮਾਲਕ ਹਨ ਜਦਕਿ ਰਾਸ਼ਨ ਤੋਂ ਵਾਂਝੇ ਰਹਿ ਗਏ ਸਾਰੇ ਦੇ ਸਾਰੇ ਅੱਤ ਦੇ ਗਰੀਬ ਹਨ।