ਅਸ਼ੋਕ ਵਰਮਾ
ਬਠਿੰਡਾ, 31 ਮਈ 2020 - ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਨੇ ਚਿਤਾਵੀ ਦਿੱਤੀ ਹੈ ਕਿ ਜੇਕਰ ਵਿਭਾਗੀ ਮੁਖੀ ਨਾਲ 4 ਨੂੰ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਣਮਿੱਥੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ। ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਲੱਕੀ ਦੀ ਅਗਵਾਈ ਹੇਠ ਕੀਤੀ ਮੀਟਿੰਗ ਸਬੰਧੀ ਪ੍ਰੈੱਸ ਬਿਆਨ ਰਾਹੀਂ ਪਰੈਸ ਸਕੱਤਰ ਲਛਮਣ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ 4000 ਹਜਾਰ ਠੇਕਾ ਕਾਮਿਆਂ ਲਈ ਧੱਕੇ ਨਾਲ ਆਊਟਸੋਰਸ ਏਜੰਸੀ ਲਿਆਂਦੀ ਗਈ ਹੈ।
ਪਹਿਲਾਂ ਤਾਂ ਵਿਭਾਗ ਵੱਲੋਂ 4000 ਵਰਕਰਾਂ ਦਾ 5 ਤੋਂ 17 ਸਾਲ ਤੱਕ ਸ਼ੋਸ਼ਣ ਕੀਤਾ ਗਿਆ ਹੈ, ਹੁਣ ਜਦੋ ਇਨ੍ਹਾਂ ਠੇਕਾ ਕਾਮਿਆਂ ਨੂੰ ਉਹਨਾਂ ਦਾ ਮੁੱਲ ਮੋੜਨ ਤਹਿਤ ਰੈਗੂਲਰ ਕਰਨ ਲਈ ਤਜਵੀਜ ਬਣਾਉਣ ਦੀ ਲੋੜ ਸੀ ਤਾਂ ਵਿਭਾਗ ਨੇ ਇਹ ਤਜਰਬਾ ਨੂੰ ਰੱਦ ਕਰਕੇ ਮੁੜ ਪਹਿਲੇ ਸਿਰੇ ਤੋਂ ਸ਼ੁਰੂ ਕਰਨ ਦੀ ਵਿਉਂਤ ਘੜਕੇ ਵਰਕਰਾਂ ਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਨਾਲ ਵਰਕਰਾਂ ਦਾ ਇਹ ਲੰਬੇ ਸਮੇਂ ਦਾ ਤਜਰਬਾ ਬਿਲਕੁੱਲ ਰੱਦੀ ਹੋ ਜਾਵੇਗਾ ਜਿਸ ਕਰਕੇ ਜਥੇਬੰਦੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 4 ਜੂਨ ਦੀ ਮੀਟਿੰਗ ਵਿੱਚ ਜੇਕਰ ਆਊਟਸੋਰਸਿੰਗ ਏਜੰਸੀ ਨੂੰ ਵਾਪਿਸ ਲੈਣ ਅਤੇ 4000 ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਤੋਂ ਟਾਲ ਮਟੋਲ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਦੇ ਫੈਸਲੇ ਅਨੁਸਾਰ ਅਗਲੇ ਸੰਘਰਸ਼ ਅਣਮਿੱਥੇ ਸਮੇਂ ਲਈ ਤਿੱਖੇ ਤੋ ਤਿੱਖੇ ਉਲੀਕੇ ਜਾਣਗੇ ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੈਨੇਜਮੈਟ ਦੀ ਹੋਵੇਗੀ। ਇਸ ਮੀਟਿੰਗ ਵਿੱਚ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਮਾਨਸਾ, ਵਿੱਕੀ ਗਰਗ, ਰਾਜੇਸ਼ ਕੁਮਾਰ, ਸਿਸ਼ੂ ਕੁਮਾਰ, ਹਰੀਸ਼ ਸਿੰਗਲਾ, ਸੰਦੀਪ ਸਿੰਘ ਸੋਨੀ, ਪਰੇਮ ਕੁਮਾਰ ਬਹਾਦਰਪੁਰ ਨੇ ਵੀ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਅਤੇ ਹੋਰ ਵਰਕਰਾਂ ਨੂੰ ਲਾਮਬੰਦ ਕਰਕੇ ਸਰਕਾਰ ਨਾਂਲ ਆਰ ਪਾਰ ਦੀ ਲੜਾਈ ਦਾ ਸੱਦਾ ਦਿੱਤਾ।