ਜੀ ਐਸ ਪੰਨੂ
ਪਟਿਆਲਾ, 31 ਮਈ 2020 - ਲੱਖਾਂ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਬਿਜਲੀ ਐਕਟ 2003 ਦੀ ਪ੍ਰਸਤਾਵਿਤ ਸੋਧ ਦੇ ਵਿਰੋਧ ਵਿੱਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ (NCCOEEE) ਵੱਲੋਂ ਦਿੱਤੇ ਗਏ ਸੱਦੇ ਉੱਪਰ, ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ (ਏ ਆਈ ਪੀ ਈ ਐੱਫ), ਆਲ ਇੰਡੀਆ ਫੈਡਰੇਸ਼ਨ ਆਫ ਪਾਵਰ ਡਿਪਲੋਮਾ ਇੰਜੀਨੀਅਰਜ਼ (ਏ ਆਈ ਪੀ ਪੀ ਈ ਡੀ), ਆਲ ਇੰਡੀਆ ਇਲੈਕਟ੍ਰੀਸਿਟੀ ਐਂਪਲਾਈਜ਼ ਫੈਡਰੇਸ਼ਨ (ਏ ਆਈ ਟੀ ਯੂ ਸੀ), ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ (ਸੀ ਆਈ ਟੀ ਯੂ), ਇੰਡੀਅਨ ਨੈਸ਼ਨਲ ਇਲੈਕਟ੍ਰੀਸਿਟੀ ਵਰਕਰਜ਼ ਫੈਡਰੇਸ਼ਨ (ਆਈ ਟੀ ਟੀ ਸੀ), ਆਲ ਇੰਡੀਆ ਪਾਵਰ ਮੈਂਸ ਫੈਡਰੇਸ਼ਨ ਅਤੇ ਹੋਰ ਰਾਜਾਂ ਦੀਆਂ ਸੁਤੰਤਰ ਵਰਕਰ ਯੂਨੀਅਨਾਂ ਵੀ 1 ਜੂਨ ਨੂੰ ਰੋਸ ਦਿਵਸ ਵਜੋਂ ਮਨਾਉਣਗੀਆਂ। ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ 1 ਜੂਨ 2020 ਨੂੰ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਦਾ ਫੈਸਲਾ ਲਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਸਵੀਰ ਸਿੰਘ ਧੀਮਾਨ ਨੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਿੱਲ ਨੂੰ ਅਜਿਹੇ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਸਾਰਾ ਦੇਸ਼ ਕੋਵਿਡ -19 ਮਹਾਂਮਾਰੀ ਨਾਲ ਨਜਿੱਠ ਰਿਹਾ ਹੈ। ਇਸ ਨਾਜ਼ੁਕ ਜੰਕਸ਼ਨ ਤੇ ਬਿਜਲੀ ਐਕਟ 2003 ਵਿੱਚ ਵੱਡੇ ਵਿਧਾਨਕ ਤਬਦੀਲੀ ਦੀ ਕੋਸ਼ਿਸ਼ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਰਤ ਸਰਕਾਰ ਬਿਜਲੀ ਮਾਹਰਾਂ ਅਤੇ ਇੰਜੀਨੀਅਰਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਇਨ੍ਹਾਂ ਸੋਧਾਂ ਨੂੰ ਜਲਦਬਾਜ਼ੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ 2000 ਸਦੱਸ, ਸਹਾਇਕ ਇੰਜੀਨੀਅਰ ਤੋਂ ਇੰਜੀਨੀਅਰ-ਇਨ-ਚੀਫ਼, ਦੇਸ਼ ਭਰ ਦੇ ਸਾਰੇ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਕਾਲੇ ਬਿੱਲੇ ਪਾ ਕੇ, 01 ਜੂਨ 2020 ਨੂੰ ਰੋਸ ਪ੍ਰਗਟ ਕਰਕੇ ਇਸ ਬਿੱਲ ਦਾ ਵਿਰੋਧ ਕਰਨਗੇ ਅਤੇ ਆਮ ਬਿਜਲੀ ਖਪਤਕਾਰਾਂ ਨੂੰ ਸਹੀ ਕੀਮਤ ਤੇ ਬਿਜਲੀ ਵਰਤਣ ਦੇ ਅਧਿਕਾਰ ਨੂੰ ਕਾਇਮ ਰੱਖਣ ਲਈ ਅੱਗੇ ਆਉਣ ਦੀ ਅਪੀਲ ਕਰਨਗੇ।