ਹਰੀਸ਼ ਕਾਲੜਾ
- ਅਕਾਲੀ ਲੀਡਰਸ਼ਪਿ ਲੋਕ ਮੁੱਦਿਆਂ ਤੇ ਕਰ ਰਹੀ ਗੁਮਰਾਹਕੁਨ ਬਿਆਨਬਾਜੀ
ਰੂਪਨਗਰ, 31 ਮਈ 2020 - ਰੂਪਨਗਰ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਅਤੇ ਲਾਕਡਾਊਨ ਦੌਰਾਨ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਢਿੱਲੋਂ ਨੇ ਜਿੱਥੇ ਕਿ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਕੋਲ ਜਾ ਕੇ ਸਮੱਸਿਆਵਾ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉੱਥੇ ਹੀ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਢਿੱਲੋਂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾਂ ਦੇ ਨਾਲ ਵੀ ਮੀਟਿੰਗ ਕੀਤੀ ਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਬਣੀ ਪਾਣੀ ਦੀ ਸਮੱਸਿਆ ਦੇ ਪੱਕੇ ਤੇ ਢੁਕਵੇਂ ਹੱਲ ਲਈ ਉਹ ਸਬੰਧਤ ਅਧਿਕਾਰੀਆਂ ਨਾਲ ਪਲਾਨ ਬਣਾ ਕੇ ਸਰਕਾਰ ਪੱਧਰ ਤੋਂ ਮੱਦਦ ਕਰਵਾਉਣਗੇ।
ਢਿੱਲੋਂ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਦੋ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਵੀ ਜ਼ਮੀਨੀ ਪੱਧਰ ਤੇ ਜਾ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਮੱਸਿਆ ਦੀ ਰਿਪੋਰਟ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਲੋਕਾਂ ਦੀਆ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਹਮੇਸ਼ਾ ਹੀ ਲੋਕ ਮੁੱਦਿਆ ਤੇ ਰਾਜਨੀਤਕ ਰੋਟੀਆਂ ਸੇਕੀਆ ਹਨ ਜਦ ਕਿ ਹੁਣ ਵੀ ਅਕਾਲੀ ਆਗੂ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਣੀ ਤੇ ਸੀਵਰੇਜ ਦੀ ਸਹੂਲਤ ਦੇ ਲਈ ਸ਼ਹਿਰ ਵਿੱਚ ਲੱਗੇ 56 ਕਰੋੜ ਦੇ ਪ੍ਰੋਜੇਕਟ ਦਾ ਲਾਹਾ ਲੋਕਾਂ ਨੂੰ ਨਾ ਮਿਲਣ ਦੇ ਲਈ ਅਕਾਲੀ ਲੀਡਰਸ਼ਿਪ ਹੀ ਜ਼ੁੰਮੇਵਾਰ ਹੈ ਜਦ ਕਿ ਇਹ ਆਗੂ ਹੁਣ ਆਪਣੀ ਸਾਖ ਬਚਾਉਣ ਲਈ ਗਲਤ ਬਿਆਨਬਾਜੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲ ਰੂਪਨਗਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਲੀਡਰਸ਼ਿਪ ਨੇ ਹਲਕੇ ਦਾ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਵੇ ਕੀਤੇ ਪਰ ਅੱਜ ਇਨ੍ਹਾਂ ਦੇ ਰਾਜ ਵਿੱਚ ਹੋਏ ਵਿਕਾਸ ਦੀ ਜ਼ਮੀਨੀ ਹਕੀਕਤ ਚੋ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਆਗੂਆਂ ਨੇ ਆਪਣੇ ਸਮੇਂ ਵਿੱਚ ਤਾਂ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਕੁੱਝ ਨਾ ਕੀਤਾ। ਪਰ ਹੁਣ ਸਰਕਾਰ ਬਦਲਣ ਤੇ ਸਾਰਾ ਝੂਠ ਦਾ ਪਲੰਦਾ ਕਾਂਗਰਸ ਪਾਰਟੀ ਤੇ ਸੁੱਟ ਰਹੇ ਹਨ। ਢਿੱਲੋਂ ਨੇ ਕਿਹਾ ਕਿ ਅਕਾਲੀ ਆਗੂਆ ਨੇ ਆਪਣੇ ਕਾਰਜ-ਕਾਲ ਦੇ ਪੋਣੇ ਪੰਜ ਸਾਲ ਦੌਰਾਨ 56 ਕਰੋੜੀ ਪ੍ਰੋਜੇਕਟ ਦੀ ਜਾਂਚ ਕਰਵਾਉਣ ਦੀ ਮੰਗ ਕਿਉ ਨਹੀਂ ਕੀਤੀ ਤੇ ਕਾਰਜ-ਕਾਲ ਦੇ ਆਖਰੀ ਸਮੇ ਤੋਂ ਇਹ ਮੰਗ ਕਰਨ ਪਿੱਛੇ ਉਨਾ ਦੀ ਜੋ ਮਨਸ਼ਾ ਹੈ ਉਹ ਵੀ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਨ ਨਾ ਕਿ ਇਸ ਸਮੱਸਿਆ ਨੂੰ ਅਧਾਰ ਬਣਾ ਕੇ ਰਾਜਨੀਤੀ ਕਰਨਾ ਚਾਹੁੰਦੇ ਹਨ। ਢਿੱਲੋਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਵਿਉਂਤਬੰਦੀ ਨਾਲ ਕੀਤਾ ਜਾਵੇਗਾ ਤਾਂ ਜੋ ਲੋਕਾ ਨੂੰ ਅੱਗੋਂ ਮੁਸ਼ਕਿਲ ਨਾ ਆਵੇ।ਉਨਾ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ ਤੇ ਸਰਕਾਰ ਆਪਣੀ ਜ਼ੁੰਮੇਵਾਰੀ ਨਿਭਾਉਣ ਤੋਂ ਭੱਜ ਨਹੀਂ ਰਹੀ, ਬਲਕਿ ਸਮੱਸਿਆ ਦੇ ਹੱਲ ਲਈ ਕੰਮ ਕਰ ਰਹੀ ਹੈ ਜਿਸਦਾ ਨਤੀਜਾ ਜਲਦ ਹੀ ਲੋਕਾ ਨੂੰ ਦਿੱਖ ਜਾਵੇਗਾ। ਇਸ ਦੌਰਾਨ ਢਿੱਲੋਂ ਨੇ ਵਪਾਰੀਆਂ ਦੀਆ ਸਮੱਸਿਆ ਤੇ ਵਿਚਾਰ ਵਿਟਾਦਰਾ ਕਰਕੇ ਇਨ੍ਹਾਂ ਸਮੱਸਿਆਵਾ ਦਾ ਵੀ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਕਾਂਗਰਸੀ ਆਗੂ ਰਾਜਨ ਬੱਬਰ,ਗੁਰਜੰਟ ਸਿੰਘ,ਸਰਬਜੀਤ ਸਿੰਘ,ਚਰਨਜੀਤ ਸਿੰਘ ਚੰਨੀ ਆਦਿ ਵੀ ਹਾਜ਼ਰ ਸਨ।