ਅਸ਼ੋਕ ਵਰਮਾ
ਬਠਿੰਡਾ, 31 ਮਈ 2020 - ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਬਠਿੰਡਾ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਉਨਾਂ ਨਾਲ ਚਰਚਾ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਆਖਿਆ ਕਿ ਬਠਿੰਡਾ ਸਹਿਰ ਦੇ ਲੋਕ ਸਾਡਾ ਮਾਣ ਹਨ ਅਤੇ ਉਨਾਂ ਲਈ ਹਰ ਸਹੁਲਤ ਦੀ ਉਪਲਬੱਧਤਾ ਯਕੀਨੀ ਬਣਾਉਣਾ ਸਰਕਾਰ ਦਾ ਟੀਚਾ ਹੈ। ਉਨਾਂ ਨੇ ਕਿਹਾ ਕਿ ਬਠਿੰਡਾ ਸਹਿਰ ਦੇ ਵਿਕਾਸ ਲਈ ਵਾਰਡ ਪੱਧਰ ਤੇ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸੇ ਅਨੁਸਾਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਲਾਕਡਾਉਨ ਕਾਰਨ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ ਅਤੇ ਕਾਰੋਬਾਰ ਤੇ ਵੀ ਮਾੜਾ ਅਸਰ ਪਿਆ ਹੈ ਫਿਰ ਵੀ ਲੋਕਾਂ ਨੇ ਵੱਡੇ ਸਮਾਜਿਕ ਹਿੱਤਾਂ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਹੈ। ਉਨਾਂ ਨੇ ਦੱਸਿਆ ਕਿ ਅੱਜ ਦੀ ਚਰਚਾ ਦੌਰਾਨ ਲੋਕਾਂ ਤੋਂ ਬਹੁਤ ਹੀ ਸਾਰਥਕ ਸੁਝਾਅ ਪ੍ਰਾਪਤ ਹੋਏ ਹਨ ਅਤੇ ਸਰਕਾਰ ਕੋਵਿਡ 19 ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਬਣਾਈ ਜਾਣ ਵਾਲੀ ਰਣਨੀਤੀ ਦੌਰਾਨ ਇੰਨਾਂ ਸੁਝਾਵਾਂ ਤੇ ਅਮਲ ਕਰੇਗੀ। ਵਿੱਤ ਮੰਤਰੀ ਨੇ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਕਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਮਦਦ ਲਈ ਨਿਭਾਈ ਅਹਿਮ ਭੁਮਿਕਾ ਲਈ ਉਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਠਿੰਡਾ ਨੂੰ ਆਪਣੇ ਦਾਨਵੀਰਾਂ ਤੇ ਮਾਣ ਹੈ ਜਿੰਨਾਂ ਨੇ ਇਸ ਮੁਸਕਿਲ ਦੌਰ ਵਿਚ ਯਕੀਨੀ ਬਣਾਇਆ ਕਿ ਸਾਡਾ ਕੋਈ ਭਰਾ ਭੁੱਖਾ ਨਾ ਸੌਂਵੇ।
ਵਿੱਤ ਮੰਤਰੀ ਅੱਜ ਮੋਹਨ ਲਾਲ ਝੂੰਬਾ, ਗੁਰਇਕਬਾਲ ਸਿੰਘ ਚਾਹਲ, ਸੰਤੋਸ਼ ਮਹੰਤ, ਪ੍ਰਦੀਪ ਗੋਲਾ, ਅਸ਼ਵਨੀ ਬੰਟੀ ਅਤੇ ਜੁਗਰਾਜ ਸਿੰਘ ਆਦਿ ਦੇ ਘਰਾਂ ਵਿਚ ਗਏ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨਾਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵੀ ਦਿੱਤੀ।ਉਨਾਂ ਨੇ ਇਸ ਦੌਰਾਨ ਸੰਗੂਆਣਾਂ ਬਸਤੀ, ਹਰੀ ਨਗਰ, ਲਾਲ ਸਿੰਘ ਬਸਤੀ, ਮੁਲਤਾਨੀਆਂ ਰੋਡ, ਸੁਖਪੀਰ ਰੋਡ, ਹੈਪੀ ਅਰੋਮਾ ਪੈਲੇਸ ਨੇੜੇ, ਹੰਸ ਨਗਰ, ਪ੍ਰਤਾਪ ਨਗਰ, ਪਾਰਸ ਰਾਮ ਨਗਰ ਅਤੇ ਅਮਰਪੁਰਾ ਬਸਤੀ ਆਦਿ ਖੇਤਰਾਂ ਦਾ ਦੌਰਾ ਕੀਤਾ।ਇਸ ਮੌਕੇ ਉਨਾਂ ਨਾਲ ਜੈਜੀਤ ਸਿੰਘ ਜੌਹਲ ਤੇ ਅਸ਼ੋਕ ਪ੍ਰਧਾਨ ਵੀ ਹਾਜਰ ਸਨ।