ਨਿਰਵੈਰ ਸਿੰਘ ਸਿੰਧੀ
- ਕਾਨਫਰੰਸ ਤੋਂ ਬਾਅਦ ਪੁਲਿਸ ਹਰਕਤ ਚ ਆਈ ਪੀੜਤਾਂ ਦੇ ਬਿਆਨ ਲੈਕੇ ਦਰਜ ਕੀਤਾ ਕਰਾਸ ਕੇਸ |
ਮਮਦੋਟ, 31 ਮਈ 2020 -
ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਮਮਦੋਟ ਰੋਡ ਉੱਪਰ ਦੋ ਵਾਹਨਾਂ ਵਿਚ ਅਚਾਨਕ ਟੱਕਰ ਹੋ ਗਈ ਸੀ ਜਿਸ ਵਿਚ ਕਾਰ ਸਵਾਰ ਅਤੇ ਸਾਹਮਣੇ ਤੋਂ ਆ ਰਹੇ ਐਕਟਿਵਾ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਜਿਸਤੋਂ ਉਪਰੰਤ ਦੋਨਾਂ ਧਿਰਾਂ ਦੇ ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ ਸੀ।
ਜਿੱਥੇ ਐਕਟਿਵਾ ਸਵਾਰ ਨਵੀਨ ਕੁਮਾਰ ਦੇ ਪਿਤਾ ਕਸ਼ਮੀਰ ਸਿੰਘ ਵਾਸੀ ਗਿੱਲਾਂ ਵਾਲਾ ਥਾਣਾ ਸਦਰ ਫਿਰੋਜਪੁਰ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਮਮਦੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ 'ਤੇ ਇੱਕਤਰਫ਼ਾ ਕਾਰਵਾਈ ਕਰਦਿਆਂ ਮਮਦੋਟ ਪੁਲਿਸ ਨੇ ਕਾਰ ਚਾਲਕ ਜਗਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਵਾਈ ਕੇ ਭੋਖੜੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 279 ,337,338,427 ਤਹਿਤ ਮੁਕਦਮਾ ਦਰਜ ਕਰ ਦਿੱਤਾ। ਜਿਸਦੇ ਖਿਲਾਫ ਅੱਜ ਜਗਮੀਤ ਸਿੰਘ ਦੇ ਪਰਿਵਾਰ ਵੱਲੋਂ ਪ੍ਰੈਸ ਕਲੱਬ ਮਮਦੋਟ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਦੁਖੜਾ ਸੁਣਾਇਆ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਸਿਮਰਨ ਕੌਰ ਪਤਨੀ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਅਤੇ ਮੇਰਾ ਪਤੀ ਫਿਰੋਜ਼ਪੁਰ ਦਵਾਈ ਲੈਣ ਲਈ ਜਾ ਰਹੇ ਸੀ ਕਿ ਪਿੰਡ ਪੀਰ ਖਾ ਸ਼ੇਖ ਦੇ ਕੋਲ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਐਕਟਿਵਾ ਸਵਾਰ ਨੇ ਟਰੈਕਟਰ ਟਰਾਲੀ ਨੂੰ ਕਰਾਸ ਕਰਦੇ ਸਮੇਂ ਉਨ੍ਹਾਂ ਦੀ ਗੱਡੀ ਵਿੱਚ ਆ ਕੇ ਐਕਟਿਵਾ ਮਾਰ ਦਿੱਤੀ ਅਤੇ ਇਸ ਸਮੇਂ ਗੱਡੀ ਚਲਾ ਰਹੇ ਮੇਰੇ ਪਤੀ ਨੇ ਉਸ ਐਕਟਿਵਾ ਸਵਾਰ ਨੂੰ ਬਚਾਉਂਦਿਆਂ ਗੱਡੀ ਸੜਕ ਤੋਂ ਹੇਠਾਂ ਉਤਾਰ ਲਈ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਖੜੇ ਰੁੱਖ ਵਿੱਚ ਜਾ ਵੱਜੀ।
ਜਿਸ ਦੌਰਾਨ ਮੇਰੇ ਮੂੰਹ ਉੱਪਰ ਡੂੰਘਾ ਜ਼ਖਮ ਹੋ ਗਿਆ ਅਤੇ ਮੇਰੀ ਗੋਦੀ ਵਿੱਚ ਬੈਠੇ ਮੇਰੇ ਦੋਨੋ ਜੁੜਵਾਂ ਲੜਕੇ (ਉਮਰ ਕਰੀਬ ਸੱਤ ਮਹੀਨੇ) ਜਿਨ੍ਹਾਂ ਵਿੱਚੋਂ ਮੇਰਾ ਇੱਕ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਦੀ ਲੱਤ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟ ਗਈ ਅਤੇ ਬੱਚੇ ਦੀ ਲੱਤ ਵਿਚੋਂ ਕਾਫੀ ਖੂਨ ਵਹਿਣ ਲੱਗ ਗਿਆ। ਜਿਸਨੂੰ ਅਸੀਂ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਮਮਦੋਟ ਵਿਖੇ ਦਾਖਿਲ ਕਰਵਾਇਆ, ਪਰੰਤੂ ਡਾਕਟਰਾਂ ਨੇ ਬੇਟੇ ਦੇ ਫਰੈਕਚਰ ਜਿਆਦਾ ਹੋਣ ਕਰਕੇ ਹੋਣ ਮੇਰੇ ਬੇਟੇ ਨੂੰ ਕਰੋਨਾ ਦੀ ਵਜਾਹ ਕਰਕੇ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਇਸ ਦੌਰਾਨ ਦੂਜੀ ਧਿਰ ਦੀ ਐੱਮ ਐੱਲ ਆਰ ਦੇ ਮੁਤਾਬਿਕ ਪੁਲਿਸ ਨੇ ਕਾਰਵਾਈ ਕਰਦਿਆਂ ਪਰਚਾ ਕਰ ਦਿੱਤਾ ਪਰੰਤੂ ਸਾਡੀ ਐੱਮ ਐੱਲ ਆਰ ਕੱਟੇ ਜਾਣ ਦੇ ਬਾਵਜੂਦ ਵੀ ਮਮਦੋਟ ਪੁਲਿਸ ਵੱਲੋਂ ਅਜੇ ਤੱਕ ਬਿਆਨ ਵੀ ਨਹੀਂ ਲਏ ਗਏ। ਸਿਮਰਨ ਕੌਰ ਦੀ ਸੱਸ ਨੇ ਸਬੰਧਿਤ ਤਫਤੀਸ਼ੀ ਅਫਸਰ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋ ਪੁਲਿਸ ਥਾਣਾ ਮਮਦੋਟ ਵਿਖੇ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਮੇਰੇ ਨਾਲ ਬਦਸਲੂਕੀ ਵੀ ਕੀਤੀ ਗਈ।
ਉਹਨਾਂ ਜਿਲ੍ਹਾ ਪੁਲਿਸ ਦੇ ਉੱਚ ਅਫਸਰਾਂ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਬਿਆਨ ਲਏ ਜਾਣ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ। ਜਦੋਂ ਇਸ ਬਾਰੇ ਤਫਤੀਸ਼ੀ ਅਫਸਰ ਏ ਐੱਸ ਆਈ ਰੌਸ਼ਨ ਲਾਲ ਅਤੇ ਐੱਸ ਆਈ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਪੀੜਤਾਂ ਨੂੰ ਬੁਲਾ ਕੇ ਓਹਨਾਂ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਨਵੀਨ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਗਿੱਲਾਂ ਵਾਲਾ ਥਾਣਾ ਸਦਰ ਫਿਰੋਜ਼ਪੁਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 279 ,337,338,427 ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੀੜਤ ਪਰਿਵਾਰ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਪੂਰਾ ਇਨਸਾਫ ਦੁਆਇਆ ਜਾਵੇਗਾ।