- ਫਿਰੋਜ਼ਪੁਰ 'ਚ ਕਲਾਕਾਰਾਂ ਨੇ ਮੀਟਿੰਗ ਕਰਕੇ ਕੀਤੀ ਮੰਗ
ਫਿਰੋਜ਼ਪੁਰ, 2 ਜੂਨ 2020 - ਜਿੱਥੇ ਕੋਰੋਨਾ ਸੰਕਟ ਕਰਕੇ ਆਮ ਮਨੁੱਖ ਰੋਜ਼ੀ ਰੋਟੀ ਤਾਂ ਮੁਹਤਾਜ਼ ਹੋ ਗਿਆ ਹੈ ਉੱਥੇ ਸਾਡੇ ਸਮਾਜ ਦਾ ਅਹਿਮ ਅੰਗ ਕਲਾਕਾਰ ਇਸ ਸੰਕਟ ਦਾ ਸੰਤਾਪ ਬਹੁਤ ਜ਼ਿਆਦਾ ਹੰਡਾ ਰਹੇ ਹਨ। ਕਲਾਤਮਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਜਾਣ ਕਰਕੇ ਅਜਿਹੇ ਕਲਾਕਾਰ ਰੋਜ਼ੀ ਰੋਟੀ ਦੇ ਸੰਕਟ ਨਾਲ ਜੂਝ ਰਹੇ ਹਨ ਜਿਨ੍ਹਾਂ ਦੀ ਰੋਜ਼ੀ ਦਾ ਪ੍ਰਮੁੱਖ ਵਸੀਲਾ ਹੀ ਕਲਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੀ ਸਰਕਾਰ ਜਾਂ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਪ੍ਰੰਤੂ ਲੋੜਵੰਦ ਕਲਾਕਾਰਾਂ ਦੀ ਅਜੇ ਤੱਕ ਕਿਸੇ ਨੇ ਬਾਂਹ ਨਹੀਂ ਫੜੀ।
ਅੱਜ ਇਸ ਮਸਲੇ ਸੰਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਵਿਧਾਵਾਂ (ਰੰਗਮੰਚ, ਸੰਗੀਤ, ਨਿ੍ਤ ਆਦਿ) ਨਾਲ ਜੁੜੇ ਕਲਾਕਾਰਾਂ ਦੀ ਇਕ ਭਰਵੀਂ ਇਕੱਤਰਤਾ ਹੋਈ। ਇਸ ਮੌਕੇ 'ਤੇ ਪੰਜਾਬ ਦੇ ਨਾਮਵਰ ਥੀਏਟਰ ਗਰੁੱਪ ਨਾਟਿਅਮ ਦੇ ਰੰਗਕਰਮੀ ਡਾ. ਜਗਦੀਪ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਅੱਗੇ ਆ ਕਿ ਅਜਿਹੇ ਕਲਾਕਾਰਾਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਕਲਾ ਅਤੇ ਸਾਹਿਤ ਹੀ ਮਨੁੱਖ ਨੂੰ ਉਚੇਰੀ ਜੀਵਨ ਜਾਂਚ ਦਾ ਧਾਰਨੀ ਅਤੇ ਸੰਵੇਦਨਸ਼ੀਲ ਬਣਾਉਂਦੇ ਹਨ।
ਉਹਨਾਂ ਕਿਹਾ ਕਿ ਮਨਿਸਟਰੀ ਆਫ ਕਲਚਰ, ਸੱਭਿਆਚਾਰਕ ਵਿਭਾਗ ਅਤੇ ਕਲਾ ਨਾਲ ਜੁੜੀਆਂ ਵੱਖ-ਵੱਖ ਅਕਾਦਮੀਆਂ ਦਾ ਫਰਜ਼ ਬਣਦਾ ਹੈ ਜਿ ਇਸ ਨਾਜ਼ੁਕ ਦੌਰ ਵਿੱਚ ਕਲਾਕਾਰਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਸੰਸਥਾਵਾਂ ਦੀ ਸਥਾਪਨਾ ਹੀ ਕਲਾ ਦੇ ਪ੍ਰਚਾਰ/ਪਾਸਾਰ ਅਤੇ ਕਲਾਕਾਰਾਂ ਦੀ ਮੱਦਦ ਲਈ ਕੀਤੀ ਗਈ ਹੈ। ਇਸ ਮੌਕੇ 'ਤੇ ਟੀਚਰ ਕਲੱਬ ਫਿਰੋਜ਼ਪੁਰ ਵੱਲੋਂ ਅੰਤਰਰਾਸ਼ਟਰੀ ਭੰਗੜਾ ਕਲਾਕਾਰ ਰਵੀਇੰਦਰ ਸਿੰਘ, ਮਿਹਰਦੀਪ ਸਿੰਘ ਅਤੇ ਸਹਿਕਾਰਤਾ ਵਿਭਾਗ ਫਿਰੋਜ਼ਪੁਰ ਤੋਂ ਜ਼ੈਲਾ ਸੰਧੂ ਨੇ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕਲਾ ਦੀ ਸਮਾਜ ਵਿੱਚ ਮਹੱਤਤਾ ਸਮਝਦੇ ਸਨ ਜਿਸ ਕਰਜੇ ਉਹਨਾਂ ਦੇ ਦਰਬਾਰ ਵਿੱਚ ਵਿੱਚ 52 ਕਵੀ ਸਨ. ਵਾਇਸ ਆਫ ਪੰਜਾਬ ਅਨੰਤਪਾਲ ਬਿੱਲਾ, ਉੱਘੇ ਲੋਕ ਗਾਇਕ ਗਿੱਲ ਗੁਲਾਮੀ ਵਾਲਾ, ਤਰਸੇਮ ਅਰਮਾਨ ਅਤੇ ਪਰਗਟ ਗਿੱਲ ਨੇ ਕਿਹਾ ਕਿ ਸਾਡੇ ਵਿੱਚੋਂ ਭਾਵੇਂ ਕੁਝ ਨੌਕਰੀ ਪੇਸ਼ਾ ਵਾਲੇ ਕਲਾਕਾਰ ਵੀ ਹਨ ਪ੍ਰੰਤੂ ਉਹਨਾਂ ਕਲਾਕਾਰਾਂ ਦੀ ਮੱਦਦ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲ ਲਾਕ ਡਾਊਨ ਕਰਕੇ ਹੋਰ ਰੋਜ਼ੀ ਦਾ ਕੋਈ ਸਾਧਨ ਨਹੀਂ ਬਚਿਆ।
ਇਸ ਮੌਕੇ 'ਤੇ ਸੰਗੀਤਕਾਰ ਤੇ ਗਾਇਕ ਕਮਲ ਦਰਾਵਿੜ, ਅਦਾਕਾਰ ਰਣਜੀਤ ਹਰਮਨ, ਲੇਖਕ ਅਮਨਦੀਪ ਜੌਹਲ, ਗੁਰਦਾਸ ਸਿੰਘ, ਕਾਕਾ ਮੱਲਵਾਲ, ਨੋਨਾ ਸ਼ਰਮਾ, ਸ਼ਿਵਮ, ਸੋਨੂੰ ਅਭਿਮੰਨਯੂ, ਦੀਪਕ , ਰਾਜਨ ਗੁਪਤਾ ਅਤੇ ਗਗਨ ਹਾਜ਼ਰ ਸਨ ਜੋ ਕਿ ਵੱਖ-ਵੱਖ ਕਲਾਵਾਂ ਨਾਲ ਜੁੜੇ ਹੋਏ ਹਨ. ਸਾਰਿਆਂ ਨੇ ਇੱਕ ਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਕਿ ਸਾਜ਼ ਸੁੰਨੇ ਪਏ ਹਨ. ਲੋੜ ਹੈ ਸਰਕਾਰ ਤੇ ਵੱਖ-ਵੱਖ ਕਲਾਵਾਂ ਨਾਲ ਜੁੜੇ ਅਦਾਰੇ ਲੋੜਵੰਦ ਕਲਾਕਾਰਾਂ ਦੀ ਆਰਥਿਕ ਸਹਾਇਤਾ ਕਰਕੇ ਸੁੰਨੇ ਸ਼ਾਜਾਂ ਦੇ ਵਾਰਸਾਂ ਦੀ ਜ਼ਿੰਦਗੀ ਵਿੱਚ ਰੌਣਕ ਬਹਾਲ ਕਰਨ।