ਮਨਿੰਦਰਜੀਤ ਸਿੱਧੂ
ਜੈਤੋ, 28 ਮਈ 2020 - ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਬਹੁਤ ਹੱਦ ਤੱਕ ਫਸ ਚੁੱਕੀ ਹੈ। ਨਸਿਆਂ ਵਿੱਚ ਡੁੁੱਬੇ ਵਿਅਕਤੀ ਲਈ ਰਿਸ਼ਤੇ ਨਾਤੇ ਕੋਈ ਮਾਅਨੇ ਨਹੀਂ ਰੱਖਦੇ। ਹਰ ਰੋਜ ਅਸੀਂ ਅਖਬਾਰਾਂ ਵਿੱਚ ਨਸ਼ੇੜੀ ਪੁੱਤਰਾਂ ਵੱਲੋਂ ਮਾਪਿਆਂ ਨੂੰ ਮਾਰਨ ਜਾਂ ਘਰੋਂ ਕੱਢਣ ਦੀਆਂ ਖਬਰਾਂ ਪੜ੍ਹਦੇ ਰਹਿੰਦੇ ਹਾਂ। ਇਸੇ ਤਰ੍ਹਾਂ ਦੀ ਇੱਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੁਰਭੇਜ ਸਿੰਘ ਖਾਲਸਾ ਪ੍ਰਧਾਨ 24 ਘੰਟੇ ਮਦਦ ਕਲੱਬ ਹਲਕਾ ਜੈਤੋ ਨੇ ਦੱਸਿਆ ਕਿ ਪਿੰਡ ਖੋਸਾ ਕੋਟਲਾ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਦੇ ਪ੍ਰੀਤਮ ਸਿੰਘ ਪੁੱਤਰ ਸੋਹਣ ਸਿੰਘ ਨੇ ਆਪਣੇ ਬਜ਼ੁਰਗ ਮਾਤਾ ਪਿਤਾ ਅਤੇ ਤਿੰਨ ਸਕੀਆਂ ਭੈਣਾਂ ਜਿਹਨਾਂ ਵਿੱਚੋਂ ਦੋ ਮੰਦਬੁੱਧੀ ਨੇ ਉਹਨਾਂ ਨੂੰ ਤਿੰਨ ਮਹੀਨੇ ਪਹਿਲਾਂ ਨਸ਼ੇ ਦੀ ਆਦਤ ਕਾਰਨ ਜਮੀਨ ਵੇਚਣ ਦੇ ਲਾਲਚ ਵਿੱਚ ਆਕੇ ਅੱਧੀ ਰਾਤ ਨੂੰ ਘਰੋਂ ਕੱਢ ਦਿੱਤਾ ਸੀ।
ਉਹਨਾਂ ਦੱਸਿਆ ਕਿ ਪੁੱਤਰ ਦੇ ਸਤਾਏ ਇਹ ਬਜ਼ੁਰਗ ਅਤੇ ਇਹਨਾਂ ਦੀਆਂ ਬੇਟੀਆਂ ਹੁਣ ਬੇਘਰ ਹੋ ਕੇ ਘੁੰਮ ਰਹੀਆਂ ਸਨ। ਕਿਸੇ ਸੱਜਣ ਨੇ ਇਹਨਾਂ ਨੂੰ ਸਾਡੇ ਕਲੱਬ ਬਾਰੇ ਜਾਣਕਾਰੀ ਦਿੱਤੀ ਤਾਂ ਬਜ਼ੁਰਗ ਸਾਡੇ ਕੋਲ ਆਇਆ ਤੇ ਮਦਦ ਦੀ ਗੁਹਾਰ ਲਗਾਈ। ਸਾਡੇ ਕਲੱਬ ਮੈਂਬਰਾਂ ਨੇ ਬਜ਼ੁਰਗ ਦੀ ਦਰਦ ਭਰੀ ਕਹਾਣੀ ਸੁਣ ਕੇ ਇਸ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ ਅਤੇ ਅਸੀਂ ਇਸ ਮਸਲੇ ਦੇ ਸੰਬੰਧ ਵਿੱਚ ਅਸੀਂ ਐਸ.ਐਸ.ਪੀ. ਮੋਗਾ ਨੂੰ ਮਿਲੇ ਹਾਂ। ਐਸ.ਐਸ.ਪੀ. ਸਾਹਿਬ ਨੇ ਸਾਨੂੰ ਮਦਦ ਦਾ ਪੂਰਾ ਭਰੋਸਾ ਦਿੱਤਾ ਹੈ। ਗੁਰਭੇਜ ਸਿੰਘ ਖਾਲਸਾ ਨੇ ਕਿਹਾ ਕਿ ਸਾਡਾ ਕਲੱਬ ਪਹਿਲਾਂ ਵੀ ਬਜ਼ੁਰਗ ਮਾਪਿਆਂ ਦੀ ਮਦਦ ਕਰਦਾ ਆ ਰਿਹਾ ਹੈ ਅਤੇ ਬਜ਼ੁਰਗਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਇਆ ਹੈ। ਇਸੇ ਤਰ੍ਹਾਂ ਇਸ ਬਜ਼ੁਰਗ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।