ਅੰਮ੍ਰਿਤਸਰ, 2 ਜੂਨ 2020 - ਭਾਰਤੀ ਹਕੂਮਤ ਵੱਲੋਂ ਕੀਤੇ ਦੁਖਦਾਈ ਅਤੇ ਗੁਲਾਮੀਅਤ ਦਾ ਅਹਿਸਾਸ ਕਰਵਾਉਣ ਵਾਲੇ ਤੀਜਾ ਘੱਲੂਘਾਰਾ ਜੂਨ 84 ਦੀ ਆਰੰਭਤਾ ਦੀ ਯਾਦ ਵਿੱਚ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ।
ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਜਿੱਥੇ ਬੱਬਰ ਖਾਲਸਾ ਜਥੇਬੰਦੀ ਨਾਲ ਸੰਬੰਧ ਰੱਖਣ ਵਾਲੇ ਭਾਈ ਮਹਿੰਗਾ ਸਿੰਘ ਪਹਿਲੀ ਜੂਨ ਨੂੰ ਹਕੂਮਤ ਦੀ ਗੋਲੀ ਨਾਲ ਘੱਲੂਘਾਰੇ ਦੇ ਪਹਿਲੇ ਸ਼ਹੀਦ ਹੋਏ ਸਨ ਉੱਥੇ ਸੰਗਤੀ ਰੂਪ ਵਿੱਚ ਪਾਠ ਕੀਤਾ। ਉਪਰੰਤ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਗੁਰਦੁਆਰ ਬਾਬਾ ਅਟੱਲ ਰਾਏ ਸਾਹਿਬ ਤੋ ਸ੍ਰੀ ਅਕਾਲ ਤਖਤ ਤੇ ਨਤਮਸਤਕ ਹੋ ਕੇ ਜੂਨ 84 ਦੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ੁਬੇਗ ਸਿੰਘ, ਸ਼ਹੀਦ ਭਾਈ ਮਹਿੰਗਾ ਸਿੰਘ ਅਤੇ ਸਮੁੱਚੇ ਸਿੰਘਾਂ ਦੀ ਯਾਦ ਵਿੱਚ ਤੇ ਪੰਥ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।
ਪੰਜਾ ਸਿੰਘਾਂ ਵਿੱਚੋਂ ਭਾਈ ਸਤਿਨਾਮ ਸਿੰਘ ਝੰਝੀਆਂ ਨੇ ਅਰਦਾਸ ਬੇਨਤੀ ਵਿੱਚ ਸਮੁੱਚੀ ਮਨੁੱਖਤਾ ਨੂੰ ਕੋਰੋਨਾ ਮਹਾਮਾਰੀ ਤੋਂ ਰਾਹਤ ਲਈ ਬੇਨਤੀ ਕੀਤੀ। ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਕਮੇਟੀ ਆਗੁਆ ਨੇ ਕਿਹਾ ਕਿ 84 ਦਾ ਘੱਲੂਘਾਰਾ ਨਾ ਭੁਲੱਣ ਵਾਲਾ ਦੁਖਾਂਤ ਹੈ ਜੋ ਕਿ ਸਰਕਾਰ ਨੇ ਮਿੱਥ ਕੇ ਸਿੱਖਾਂ ਨੂੰ ਗੁਲਾਮਿਅਤ ਦਾ ਇਹਸਾਸ ਕਰਵਾਉਣ ਲਈ ਕੀਤਾ ਸੀ।
ਅਰਦਾਸ ਵਿੱਚ ਭਾਈ ਤਰਲੋਕ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਭਲਵਾਨ ਅੰਖਡ ਕੀਰਤਨੀ ਜਥਾ ਜਰਮਨੀ, ਬੀਬੀ ਸਨਦੀਪ ਕੌਰ ਕਾਸ਼ਤੀਵਾਲ, ਮਹਾਬੀਰ ਸਿੰਘ ਸੁਲਤਾਨ ਵਿੰਡ, ਸੁਖਰਾਜ ਸਿੰਘ ਵੇਰਕਾ, ਮਨਜੀਤ ਸਿੰਘ ਠੇਕੇਦਾਰ ਆਦਿ ਸ਼ਾਮਿਲ ਸਨ।