- ਘਰਾਂ ਦੇ ਅੰਦਰ ਅਤੇ ਬਾਹਰ ਸਾਫ਼ ਸਫ਼ਾਈ ਵੱਲ ਧਿਆਨ ਦੇਣ 'ਤੇ ਦਿੱਤਾ ਜ਼ੋਰ
ਫਿਰੋਜ਼ਪੁਰ, 2 ਜੂਨ 2020 - ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਜਾਗਰੂਕ ਕਰਦੇ ਹੋਏ ਸਬ ਸੈਂਟਰ ਅਟਾਰੀ ਅਧੀਨ ਆਉਂਦੇ ਪਿੰਡ ਮਸਤੇ ਕੇ ਵਿਖੇ ਐੱਸਐੈੱਮਓ ਡਾ. ਰਜਿੰਦਰ ਕੁਮਾਰ ਮਨਚੰਦਾ ਮਮਦੋਟ ਦੇ ਹੁਕਮਾਂ ਅਨੁਸਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਜਾਗਰੂਕ ਕਰਦੇ ਹੋਏ ਜਸਵੀਰ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਮੇਲ ਨੇ ਲੋਕਾਂ ਨੂੰ ਦੱਸਿਆ ਕਿ ਡੇਂਗੂ ਮੱਛਰ ਏਡੀਜ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਤੜਕੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੱਟਦਾ ਹੈ ਅਤੇ ਇਹ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੈ ਇਸ ਕਰਕੇ ਸਾਨੂੰ ਆਪਣੇ ਘਰਾਂ ਵਿਚ ਕੂਲਰਾਂ ਗਮਲਿਆਂ ਫ਼ਰਿਜ ਦੀਆਂ ਟਰੇਆਂ ਅਤੇ ਟੁੱਟੇ ਬਰਤਨਾਂ ਵਿਚ ਖੜ੍ਹੇ ਪਾਣੀ ਨੂੰ ਹਫ਼ਤੇ ਵਿਚ ਇਕ ਵਾਰ ਸਾਫ ਕਰਨਾ ਚਾਹੀਦਾ ਹੈ।
ਛੱਤਾਂ 'ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਣਾ ਚਾਹੀਦਾ ਹੈ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣਾ ਚਾਹੀਦਾ ਹੈ। ਜਸਵੀਰ ਸਿੰਘ ਨੇ ਬੁਖਾਰ ਦੇ ਲੱਛਣਾਂ ਬਾਰੇ ਦੱਸਦਿਆਂ ਹੋਇਆ ਕਿਹਾ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਤੇ ਲਾਲ ਦਾਣੇ, ਅੱਖਾਂ ਦੇ ਪਿਛਲੇ ਹਿੱਸਿਆਂ ਵਿਚ ਦਰਦ ਹੋਣਾ, ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ ਆਦਿ ਹਨ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਮੱਛਰ ਦੇ ਕੱਟਣ ਤੋਂ ਬਚਣ ਲਈ ਸਾਨੂੰ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਪੂਰੀ ਬਾਂਹ ਵਾਲੇ ਕੱਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਮੱਛਰ ਤੋਂ ਬਚਾਅ ਕਾਰ ਸਕੀਏ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਮੱਛਰ ਕੱਟਦਾ ਹੈ ਤਾਂ ਵਿਅਕਤੀ ਦੇ ਪਲੇਟਲੈੱਟ ਘੱਟ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵਿਅਕਤੀ ਦੇ ਪਲੇਟਲੈੱਟ ਘੱਟ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਡੇਂਗੂ ਬੁਖ਼ਾਰ ਵਿਚ ਸਿਰਫ਼ ਪੈਰਾਸਿਟਾਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪ੍ਰੀਨ ਦੀ ਗੋਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਸਵੀਰ ਸਿੰਘ ਨੇ ਡੇਂਗੂ ਅਤੇ ਮਲੇਰੀਏ ਦੇ ਇਲਾਜ ਅਤੇ ਟੈਸਟਾਂ ਬਾਰੇ ਦੱਸਦੇ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਟੈਸਟ ਅਤੇ ਇਲਾਜ ਹੁੰਦਾ ਹੈ।