ਮਨਪ੍ਰੀਤ ਸਿੰਘ ਜੱਸੀ
- ਹੁਣ ਜ਼ਿਲ੍ਹੇ ਵਿੱਚ ਰੋਜ਼ਾਨਾ ਹੋ ਸਕਣਗੇ ਤਿੰਨ ਹਜ਼ਾਰ ਦੇ ਕਰੀਬ ਟੈਸਟ
ਅੰਮ੍ਰਿਤਸਰ, 2 ਜੂਨ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਤੇ ਕਾਬੂ ਪਾਉਣ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕਈ ਸਹੂਲਤਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅੱਜ ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋਜ ਤੇ ਸਿੱਖਿਆ ਓ.ਪੀ. ਸੋਨੀ ਵੱਲੋਂ ਕਰੋੋਨਾ ਟੈਸਟਿੰਗ ਲਈ ਅਤਿ ਆਧੁਨਿਕ ਲੈਬ ਦਾ ਉਦਘਾਟਨ ਕੀਤਾ। ਜਿਸ ਨਾਲ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੇ ਲਗਭਗ 3000 ਟੈਸਟ ਹੋ ਸਕਣਗੇ। ਜਿੱਥੇ ਇਹ ਟੈਸਟ ਪਹਿਲਾਂ ਕੇਵਲ 400 ਮਰੀਜਾਂ ਦੇ ਹੀ ਹੁੰਦੇ ਸਨ।
ਕੈਬਿਨਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਨਵੇਂ ਲੈਬ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਕੱਲ੍ਹ ਉਨਾਂ ਵੱਲੋਂ ਪਟਿਆਲਾ ਮੈਡੀਕਲ ਕਾਲਜ ਵਿਖੇ ਵੀ ਕੋਰੋਨਾ ਮਰੀਜ਼ਾਂ ਦੇ ਟੈਸਟ ਲਈ ਨਵੇਂ ਲੈਬ ਦਾ ਉਦਘਾਟਨ ਕੀਤਾ ਜਾਵੇਗਾ।
ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਪਲਿੰਗ, ਟੈਸਟਿੰਗ ਅਤੇ ਮਰੀਜ਼ਾਂ ਦੇ ਇਲਾਜ ਲਈ ਵਿਆਪਕ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਜ ਵਿੱਚ ਕੋਰੋਨਾ ਮਰੀਜ਼ਾਂ ਦੀ ਟੈਸਟ ਦੀ ਸਮਰੱਥਾ ਵਧਾਉਣ ਲਈ ਤਿੰਨੋਂ ਮੈਡੀਕਲ ਕਾਲਜਾਂ ਵਿੱਚ ਅਤਿ ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਲੱਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕਰੋਨਾ ਟੈਸਟਿੰਗ ਲੈਬਜ਼ ਹਨ ਜਿੰਨ੍ਹਾਂ ਵਿੱਚ ਕੋਰੋਨਾ ਬਿਮਾਰੀ ਦਾ ਟੈਸਟ ਅਤਿ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨਾਂ ਸੁਰੱਖਿਅਤ ਲੈਬਾਂ ਵਿੱਚ ਕੰਮ ਕਰਦੇ ਸਟਾਫ ਨੂੰ ਕੋਰੋਨਾ ਲਾਗ ਲੱਗਣ ਦਾ ਕੋਈ ਖਤਰਾ ਨਹੀਂ ਰਹਿੰਦਾ।
ਉਨ੍ਹਾਂ ਕਿਹਾ ਕਿ ਇਨਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਾਨਾ ਕੋਰੋਨਾ ਟੈਸਟਿੰਗ ਦੀ ਸਮੱਰਥਾ 9 ਹਜ਼ਾਰ ਤੱਕ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਲੈਬ ਵਿੱਚ 3 ਹਜ਼ਾਰ ਟੈਸਟ ਹੋਣਗੇ ਅਤੇ ਤਿੰਨਾਂ ਲੈਬਾਂ ਦੀ ਸਮਰੱਥਾ ਮਿਲਾ ਕੇ ਹੁਣ 9 ਹਜ਼ਾਰ ਹੋ ਜਾਵੇਗੀ। ਜਦਕਿ ਪਹਿਲਾਂ ਇਕ ਦਿਨ ਵਿੱਚ 1050 ਟੈਸਟ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਰੋਨਾ ਟੈਸਟ ਲਈ ਸੈਂਪਲ ਪੂਨੇ ਲੈਬੋਰਟਰੀ ਵਿੱਚ ਭੇਜਣੇ ਪੈਂਦੇ ਸਨ ਅਤੇ ਉਨਾਂ ਦੀ ਰਿਪੋਰਟ ਆਉਣ ਤੇ 14 ਦਿਨ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ। ਉਨਾਂ ਕਿਹਾ ਕਿ ਇਨਾਂ ਲੈਬਾਂ ਦੀ ਸਥਾਪਨਾ ਨਾਲ ਹੁਣ ਰਿਪੋਰਟ ਉਸੇ ਦਿਨ ਹੀ ਪ੍ਰਾਪਤ ਹੋ ਜਾਵੇਗੀ।
ਸੋਨੀ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਦਿਨ ਰਾਤ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ। ਸੋਨੀ ਵੱਲੋਂ ਡਾਕਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਡਾਕਟਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਕਰੋਨਾ ਮਰੀਜਾਂ ਦਾ ਇਲਾਜ ਕਰ ਰਹੇ ਹਨ।। ਉਨਾਂ ਕਿਹਾ ਕਿ ਜਿਲਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਵੀ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੀ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਹਨ। ਸ੍ਰੀ ਸੋਨੀ ਨੈ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਜਲਦ ਹੀ ਪਲਾਜਮਾ ਥਰੈਪੀ ਤੇ ਵੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਕਰੋਨਾ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਰੋਜ਼ਾਨਾ 1200 ਦੇ ਲਗਭਗ ਮਰੀਜਾਂ ਦੇ ਟੈਸਟ ਹੋਣ ਲਈ ਆ ਰਹੇ ਹਨ ਅਤੇ ਨਵੇਂ ਲੈਬ ਸਥਾਪਤ ਹੋਣ ਨਾਲ ਸਾਰੇ ਮਰੀਜਾਂ ਦੇ ਟੈਸਟ ਇਕ ਦਿਨ ਵਿੱਚ ਹੋ ਸਕਣਗੇ।
ਸੋਨੀ ਨੇ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਲਗਭਗ 60 ਦੇ ਕਰੀਬ ਕੋਰੋਨਾ ਦੇ ਮਰੀਜ ਦਾਖਲ ਹਨ ਜਿਨਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜਿਲਾ ਪ੍ਰਸਾਸ਼ਨ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ।।
ਇਸ ਮੌਕੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਪ੍ਰਿੰਸੀਪਲ ਮੈਡੀਕਲ ਕਾਲਜ ਸੁਜਾਤਾ ਸ਼ਰਮਾ, ਵਾਇਸ ਪ੍ਰਿੰਸੀਪਲ ਡਾ: ਵੀਨਾ ਚਤਰਥ, ਡਾ: ਸ਼ਿਲਪ੍ਰੀਤ ਸਿੰਘ ਸਿੱਧੂ, ਡਾ: ਕੇ:ਡੀ: ਸਿੰਘ, ਡਾ: ਨਛੱਤਰ ਸਿੰਘ, ਸੁਪਰਡੰਟ ਮੈਡੀਕਲ ਕਾਲਜ ਡਾ: ਰਮਨ ਸ਼ਰਮਾ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜਰ ਸਨ।