ਮਿੱਤਰ ਸੈਨ ਸ਼ਰਮਾ
ਮਾਨਸਾ, 2 ਜੂਨ 2020: ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ 'ਚ ਸਮਾਰਟ ਕਾਰਡ ਧਾਰਕ ਪਰਿਵਾਰਾਂ ਨੂੰ 5458 ਮੀਟ੍ਰਿਕ ਟਨ ਕਣਕ ਅਤੇ 275 ਮੀਟ੍ਰਿਕ ਟਨ ਦਾਲ ਦੀ ਮੁਫ਼ਤ ਵੰਡ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਮਧੂ ਨੇ ਦੱਸਿਆ ਕਿ ਪੀ.ਐੱਮ.ਜੀ.ਕੇ.ਵਾਈ. (ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ) ਤਹਿਤ ਪੰਜਾਬ ਸਰਕਾਰ ਵੱਲੋਂ ਸਮਾਰਟ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਫੂਡ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਦੀਆਂ ਹਦਾਇਤਾਂ ਅਤੇ ਡੀ.ਸੀ. ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ 'ਚ 1 ਲੱਖ 1 ਹਜ਼ਾਰ 570 ਸਮਾਰਟ ਕਾਰਡ ਧਾਰਕਾਂ ਨੂੰ ਨਿਰਵਿਘਨ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਲਈ 6239 ਮੀਟਰਕ ਟਨ ਕਣਕ ਅਤੇ 316.19 ਮੀਟ੍ਰਿਕ ਟਨ ਕਣਕ ਨਿਰਧਾਰਿਤ ਕੀਤੀ ਗਈ ਹੈ ਅਤੇ ਇੰਨ੍ਹਾਂ ਵਿੱਚੋਂ 5458 ਮੀਟ੍ਰਿਕ ਟਨ ਕਣਕ ਅਤੇ 275 ਮੀਟਰਕ ਟਨ ਦਾਲ ਦੀ ਵੰਡ ਲੋੜਮੰਦਾਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਵੀ ਜਲਦ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਸਮਾਰਟ ਕਾਰਡ ਧਾਰਕਾਂ ਨੂੰ 3 ਮਹੀਨਿਆਂ ਲਈ 15 ਕਿੱਲੋ ਕਣਕ ਪ੍ਰਤੀ ਵਿਅਕਤੀ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦਿੱਤੀ ਜਾ ਰਹੀ ਹੈ।