ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 2 ਜੂਨ 2020 - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਗੁਰੂ ਕੇ ਲੰਗਰ ਨੂੰ ਬੰਦ ਕਰਵਾਉਣ ਤੇ ਸਿੱਖੀ ਨੂੰ ਇਕ ਵੱਡੀ ਢਾਹ ਲਾਉਣ ਵਾਸਤੇ ਪਰਮਜੀਤ ਸਿੰਘ ਸਰਨਾ ਦੀ ਡਿਊਟੀ ਲਗਾਈ ਹੈ। ਜਿਸ ਕਾਰਨ ਸਰਨਾ ਵੱਲੋਂ ਗੁਰੂ ਘਰਾਂ, ਗੁਰੂ ਪੰਥ, ਗੁਰੂ ਪਰੰਪਰਾਵਾਂ ਤੇ ਸਿੱਖ ਕਕਾਰਾਂ ਖ਼ਿਲਾਫ਼ ਹਮਲੇ ਕੀਤੇ ਜਾ ਰਹੇ ਹਨ।
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਪ੍ਰਗਟ ਕੀਤੇ ਹਨ। ਦਿੱਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਇਕ ਪਾਸੇ ਤਾਂ ਗੁਰੂ ਕੇ ਲੰਗਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਗਈ ਜਦਕਿ ਦੂਜੇ ਪਾਸੇ ਗੁਰ ਮਰਿਆਦਾ ਦੇ ਧਾਰਨੀ ਗੁਰਸਿੱਖ ਦੇ ਪੰਜ ਕਕਾਰਾਂ 'ਤੇ ਵੀ ਹਮਲੇ ਬੋਲੇ ਗਏ ਜਿਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਖ਼ਿਲਾਫ਼ ਸਰਨਾ ਵੱਲੋਂ ਵਰਤੀ ਸ਼ਬਦਾਵਲੀ ਨਾਲ ਜਿੱਥੇ ਸੰਗਤ 'ਚ ਰੋਹ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਇਹ ਵੀ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਗੁਰੂ ਘਰਾਂ, ਗੁਰੂ ਪੰਥ ਤੇ ਗੁਰਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੰਬੇ ਸਮੇਂ ਤੋਂ ਜੋ ਰਣਨੀਤੀ ਬਣਾਈ ਗਈ ਸੀ, ਉਸ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਹੁਣ ਪਰਮਜੀਤ ਸਿੰਘ ਸਰਨਾ ਵਰਗਿਆਂ ਦੀ ਡਿਊਟੀ ਲਗਾਈ ਗਈ ਹੈ।। ਉਨ੍ਹਾਂ ਕਿਹਾ ਕਿ ਸਿੱਖ ਕੌਮ ਪਰਮਜੀਤ ਸਿੰਘ ਸਰਨਾ ਦੀਆਂ ਸਿੱਖ ਕਕਾਰਾਂ ਤੇ ਗੁਰੂ ਕੇ ਲੰਗਰ ਖ਼ਿਲਾਫ਼ ਸਾਜ਼ਿਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਇਸ ਗੱਲ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।