- 3649 ਸੈਂਪਲ ਆਏ ਨੈਗੇਟਿਵ; 348 ਦੀ ਰਿਪੋਰਟ ਪੈਂਡਿੰਗ
-ਪਾਜ਼ੀਟਿਵ ਪਾਏ ਗਏ 64 ਵਿਅਕਤੀਆਂ ਵਿੱਚੋਂ 57 ਇਲਾਜ ਉਪਰੰਤ ਘਰਾਂ ਨੂੰ ਪਰਤੇ
ਫ਼ਤਹਿਗੜ੍ਹ ਸਾਹਿਬ, 2 ਜੂਨ 2020 - 'ਮਿਸ਼ਨ ਫ਼ਤਿਹ: ਪੰਜਾਬ ਫਾਈਟਸ ਕੋਰੋਨਾ' ਤਹਿਤ ਪੰਜਾਬ ਸਰਕਾਰ ਵੱਲੋਂ ਕੋਰੋਨਾ 'ਤੇ ਫ਼ਤਿਹ ਪਾਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਸਬੰਧੀ 4061 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 3,649 ਨੈਗੇਟਿਵ ਆਏ ਹਨ ਤੇ 348 ਦੀ ਰਿਪੋਰਟ ਪੈਂਡਿੰਗ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 64 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 57 ਵਿਅਕਤੀ ਇਲਾਜ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਸਬੰਧੀ ਮਾਸਕ ਪਾਉਣ, ਸਮਾਜਕ ਵਿੱਥ ਰੱਖਣ ਅਤੇ ਵਾਰ ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਸਬੰਧੀ ਢਿੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਲਾਏ ਜਾਂ ਮੂੰਹ ਢਕੇ ਬਿਨਾਂ ਘਰੋਂ ਬਾਹਰ ਨਿਕਲਣ ਜਾਂ ਸਮਾਜਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਂਦਿਆਂ ਕੋਰੋਨਾ ਖਿਲਾਫ ਜੰਗ ਫ਼ਤਿਹ ਕਰਨ ਵਿੱਚ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ।