ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਮਿਸ ਪੂਨਮ ਸਿੰਘ ਐੱਸ ਡੀ ਐੱਮ ਗੁਰੂਹਰਸਹਾਏ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫ਼ਿਰੋਜ਼ਪੁਰ 2 ਜੂਨ : ਸਬ ਡਵੀਜ਼ਨ ਗੁਰੂ ਹਰਸਹਾਏ ਨੂੰ ਕੋਵਿਡ-19 ( ਕੋਰੋਨਾ ਵਾਇਰਸ ) ਤੋਂ ਮੁਕਤ ਰੱਖਣ ਲਈ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਅਪਣੀ ਡਿਊਟੀ ਪ੍ਰਤੀ ਪਾਬੰਦ ਰਹਿਣ ਉੱਥੇ ਆਮ ਲੋਕ ਵੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸ ਲੜ੍ਹਾਈ ਉੱਪਰ ਜਿੱਤ ਦਰਜ਼ ਕਰਨ ਲਈ ਸਾਥ ਦੇਣ ।
ਇਹ ਗੱਲ ਸਬ ਡਿਵੀਜ਼ਨਲ ਮੈਜਿਸਟ੍ਰੇਟ ਗੁਰੂਹਰਸਹਾਏ ਪੂਨਮ ਸਿੰਘ ਪੀ ਸੀ ਐੱਸ ਵੱਲੋਂ ਸਿਵਲ ਪ੍ਰਸ਼ਾਸਨ , ਪੁਲਿਸ ਅਤੇ ਹੈਲਥ ਵਿਭਾਗ ਤੋਂ ਇਲਾਵਾ ਕੋਵਿਡ - 19 ਨਾਲ ਸਬੰਧਤ ਅਮਲੇ ਦੀ ਮੀਟਿੰਗ ਦੌਰਾਨ ਕਹੀ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਹਿ ਦੀ ਸ਼ੁਰੂਆਤ ਕਰਕੇ ਇੱਕ ਸੁਨੇਹਾ ਦਿੱਤਾ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਓ ਲਈ ਹਰੇਕ ਵਿਅਕਤੀ ਸਹਿਯੋਗ ਕਰੇ ।
ਐੱਸ ਡੀ ਐੱਮ ਮੈਡਮ ਨੇ ਆਦੇਸ਼ ਜਾਰੀ ਕੀਤੇ ਕਿ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਬਕਾਇਦਾ ਮੈਡੀਕਲ ਸਕ੍ਰੀਨਿੰਗ ਹੋਵੇਗੀ ।
ਸੜਕੀ , ਰੇਲ ਜਾਂ ਹੋਰ ਰਸਤਿਆਂ ਰਾਹੀਂ ਗੁਰੂ ਹਰਸਹਾਏ ਖੇਤਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਉੱਪਰ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਰਹੇਗੀ ।
ਇਸ ਕੰਮ ਵਿੱਚ ਸ਼ਹਿਰਾਂ ਦੇ ਕੌਂਸਲਰ , ਸਾਬਕਾ ਕੌਸਲਰ ਪਿੰਡਾਂ ਦੇ ਨੰਬਰਦਾਰ , ਸਰਪੰਚ , ਪੰਚ , ਯੂਥ ਕਲੱਬਾਂ ਦੇ ਅਹੁਦੇਦਾਰ ਪ੍ਰਸ਼ਾਸਨ ਦਾ ਸਾਥ ਦੇ ਸਕਦੇ ਹਨ , ਇਸ ਲਈ ਕਿਹਾ ਗਿਆ ਹੈ ਕਿ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਸਬੰਧੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ ।
ਇਸ ਮੌਕੇ ਪੁਲਸ ਵਿਭਾਗ , ਸਿਹਤ , ਪੰਚਾਇਤ , ਨਗਰ ਕੌਂਸਲ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।