ਜਲਾਲਾਬਾਦ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਵਿਧਾਇਕ ਰਮਿੰਦਰ ਆਵਲਾ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ
ਜਗਦੀਸ਼ ਥਿੰਦ
ਜਲਾਲਾਬਾਦ/ਫ਼ਾਜ਼ਿਲਕਾ, 3 ਜੂਨ:
ਡਿਪਟੀ ਕਮਿਸ਼ਨਰ ਸ੍ਰ. ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਸਥਿਤੀ ਨੂੰ ਦੇਖਦਿਆਂ ਮਿਸ਼ਨ ਫਤਿਹ ਤਹਿਤ ਹਲਕਾ ਜਲਾਲਾਬਾਦ ਦੇ ਲੋਕਾਂ ਦੀ ਮੁਸਕਿਲਾ ਨੂੰ ਸੁਣਨ ਲਈ ਵਿਸ਼ੇਸ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਜਲਾਲਾਬਾਦ ਤੋਂ ਵਿਧਾਇਕ ਸ੍ਰੀ ਰਮਿੰਦਰ ਆਵਲਾ ਵੀ ਮੌਜੂਦ ਸਨ।
ਹਲਕੇ ਦੇ ਲੋਕਾਂ ਵੱਲੋਂ ਸ. ਸੰਧੂ ਨੂੰ ਪਿੰਡਾਂ ’ਚ ਪੀਣ ਵਾਲੇ ਪਾਣੀ, ਛੱਪੜਾਂ ਦੀ ਸਫਾਈ, ਪੱਕੇ ਮਕਾਨਾਂ ਲਈ ਗ੍ਰਾਂਟਾਂ ਜਾਰੀ ਕਰਨ ਅਤੇ ਪੈਨਸ਼ਨਾਂ ਆਦਿ ਹੋਰ ਮੁੱਦਿਆ ਬਾਰੇ ਜਾਣੂ ਕਰਵਾਇਆ। ਸ੍ਰ. ਸੰਧੂ ਨੇ ਲੋਕਾਂ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਤੇ ਹੋਣ ਵਾਲੇ ਕੰਮਾਂ ਲਈ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਅਮਲ ’ਚ ਲਿਆਉਣ ਅਤੇ ਰਹਿੰਦੇ ਕੰਮਾਂ ਨੂੰ ਪਹਿਲਕਦਮੀ ਨਾਲ ਨੇਪਰੇ ਚੜਾਉਣ ਦੇ ਆਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸੰਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅਕਸਰ ਲੋਕਾਂ ਨੂੰ ਜਿਲੇ ਦੇ ਦਫਤਰ ‘ਚ ਆਉਣਾ ਪੈਂਦਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਹ ਹਲਕਿਆਂ ‘ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ, ਜਿਸ ਤਹਿਤ ਉਹ ਜਲਾਲਾਬਾਦ ‘ਚ ਪਹੁੰਚੇ ਹਨ।
ਉਨ੍ਹਾਂ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਲੋਕਾਂ ਨੂੰ ਆਪਸ ’ਚ ਦੂਰੀ ਬਣਾ ਕੇ ਰੱਖਣ ਅਤੇ ਹੱਥਾ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਲੋੜ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਘਰਾਂ ਅੰਦਰ ਬਜ਼ੁਰਗਾਂ, ਛੋਟੇ ਬੱਚਿਆ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਬਾਹਰੋ ਆਉਣ ਜਾਣ ਵਾਲੇ ਲੋਕਾਂ ਪ੍ਰਤੀ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ।
ਇਸ ਤੋਂ ਪਹਿਲਾ ਵਿਧਾਇਕ ਰਮਿੰਦਰ ਆਵਲਾ ਨੇ ਇਲਾਕੇ ਅੰਦਰ ਸੜਕਾਂ, ਗਲੀਆਂ, ਪਾਰਕਾਂ ਤੇ ਹੋਰ ਆਮ ਜਨਤਕ ਸਹੂਲਤਾਂ ਦੇ ਲਈ ਡਿਪਟੀ ਕਮਿਸ਼ਨਰ ਨਾਲ ਚਰਚਾ ਕੀਤੀ ਅਤੇ ਇਨ੍ਹਾਂ ਦੇ ਲਈ ਫੰਡ ਰਿਲੀਜ ਕਰਵਾਉਣ ਲਈ ਕਿਹਾ।
ਇਸ ਤੋਂ ਇਲਾਵਾ ਵਿਧਾਇਕ ਰਮਿੰਦਰ ਆਵਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਣ ਵਿਕਾਸ ਦੇ ਰੁਕੇ ਕੰਮਾਂ ਨੂੰ ਪੱਟੜੀ ਤੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਿਕਾਸ ਕਾਰਜਾਂ ਲਈ ਵਚਨਬੱਧ ਹੈ ਅਤੇ ਸਰਕਾਰ ਦੇ ਰਹਿੰਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ‘ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਤੋਂ ਇਲਾਵਾ ਦੀਪਕ ਆਵਲਾ, ਸਚਿਨ ਆਵਲਾ, ਜੋਨੀ ਆਵਲਾ, ਜਰਨੈਲ ਸਿੰਘ ਮੁਖੀਜਾ, ਸੁਮਿਤ ਆਵਲਾ, ਬੰਧੂ ਕਾਲੜਾ ਤੋਂ ਇਲਾਵਾ ਦਫਤਰ ਇੰਚਾਰਜ ਦੀਪਕ ਧਵਨ ਮੌਜੂਦ ਸਨ।