ਹਰੀਸ ਕਾਲੜਾ
- ਪਹਿਲੇ ਪੜਾਅ ਵਿਚ 10.50 ਕਰੋੜ ਦੇ ਦੋ ਪ੍ਰੋਜੈਕਟਾਂ ਦੀ ਹੋਵੇਗੀ ਸੁਰੂਆਤ
ਸ੍ਰੀ ਅਨੰਦਪੁਰ ਸਾਹਿਬ, 03 ਜੂਨ 2020 - ਸਵਦੇਸ਼ ਦਰਸ਼ਨ ਸਕੀਮ ਤਹਿਤ ਪੰਜਾਬ ਦੇ ਸੱਤ ਸ਼ਹਿਰਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਚਮਕੋਰ ਸਾਹਿਬ, ਫਿਰੋਜਪੁਰ, ਖਟਕੜ ਕਲਾਂ, ਕਲਾਨੌਰ ਅਤੇ ਪਟਿਆਲਾ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ 91.5 ਕਰੋੜ ਰੁਪਏ ਦੀ ਲਾਗਤ ਨਾਲ ਲੋਕਾਂ ਨੁੰ ਸਹੂਲਤਾਂ ਦੇਣ ਲਈ ਵਿਕਾਸ ਪ੍ਰੋਜੈਕਟ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਪੰਜਾਬ ਹੈਰੀਟੇਜ਼ ਅਤੇ ਟੂਰੀਜਿਮ ਪ੍ਰੋਮੋਸ਼ਨ ਬੋਰਡ ਵਲੋ ਮੁਕੰਮਲ ਕਰਵਾਏ ਜਾਣਗੇ।ਇਨ੍ਹਾਂ ਵਿਚੋ ਸ੍ਰੀ ਅਨੰਦਪੁਰ ਸਾਹਿਬ ਵਿਚ 29 ਕਰੋੜ ਰੁਪਏ ਦੇ ਪ੍ਰੋਜੈਕਟ ਮੰਨਜੂਰ ਹੋਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਪਹਿਲੇ ਪੜਾਅ ਵਿਚ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭੋਰਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਨੂੰ ਜ਼ੋੜਨ ਵਾਲੀਆ ਸੜਕਾ ਦੀ ਸੁੰਦਰਤਾ ਤੇ 6 ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਸੇ ਪੜਾਅ ਅਧੀਨ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋ ਤਖਤ ਸ੍ਰੀ ਕੇਸਗੜ ਸਾਹਿਬ ਤੱਕ ਦੀ ਸੜਕ ਦੀ ਸੁੰਦਰਤਾ ਲਈ 4.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਨ੍ਹਾਂ ਦੋਵੇ ਪ੍ਰੋਜੈਕਟਾਂ ਦੀ ਸੁਰੂਆਤ 4 ਜੂਨ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਯੋਗ ਅਗਵਾਈ ਅਤੇ ਹਾਜਰੀ ਵਿਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕਰਨਗੇ। ਇਸ ਤੋ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਚ ਜਿਹੜੇ ਹੋਰ ਪ੍ਰੋਜੈਕਟ ਸਵਦੇਸ਼ ਦਰਸ਼ਨ ਅਧੀਨ ਜਲਦੀ ਹੀ ਸੁਰੂ ਹੋਣ ਜਾ ਰਹੇ ਹਨ।
ਉਨ੍ਹਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦਾ ਪਾਸਵੇਅ ਵਿਕਸਿਤ ਕਰਨਾ, ਚੀਮਾ ਪਾਰਕ ਦੀ ਸੁੰਦਰਤਾ ਲਈ 5 ਕਰੋੜ ਰੁਪਏ, ਨੈਣਾ ਦੇਵੀ ਰੋਡ ਨੇੜੇ ਐਸ.ਡੀ.ਐਮ ਦਫਤਰ ਅਤੇ ਸਿਵਲ ਹਸਪਤਾਲ ਦੇ ਆਲੇ ਦੁਆਲੇ ਦੀ ਸੁੰਦਰਤਾ ਲਈ 4 ਕਰੋੜ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਸੈਰ ਸਪਾਟੇ ਲਈ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸੈਲਾਨੀਆਂ ਅਤੇ ਬਹੁ ਗਿਣਤੀ ਵਿਚ ਇਥੇ ਆਉਣ ਵਾਲੇ ਸ਼ਰਧਾਲੂਆਂ ਲਈ ਟੂਰਿਸਟ ਫੈਸੀਲੇਸ਼ਨ ਸੈਟਰ, ਕੈਫਿਟ ਏਰੀਆ ਅਤੇ ਪਾਰਕਿੰਗ ਲਈ 6 ਕਰੋੜ ਰੁਪਏ ਦੀ ਯੋਜਨਾ ਉਲੀਕੀ ਗਈ ਹੈ। ਇਸੇ ਤਰਾਂ ਵਿਰਾਸਤ-ਏ-ਖਾਲਸਾ ਵਿਚ ਪਾਰਕਿੰਗ ਦਾ ਵਿਸਥਾਰ ਕਰਨ ਲਈ 3.50 ਕਰੋੜ ਰੁਪਏ ਖਰਚ ਕੀਤੇ ਜਾਣਗੇ।