ਅਸ਼ੋਕ ਵਰਮਾ
ਮਾਨਸਾ, 3 ਜੂਨ 2020 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਿਜਲੀ ਮਹਿਕਮੇ ਦੇ ਮਾਨਸਾ ਸਥਿਤ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜੇਕਰ ਖੇਤੀ ਮੋਟਰਾਂ ਦੇ ਬਿੱਲ ਚਾਲੂ ਕੀਤੇ ਤਾਂ ਤਿੱਖੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤਿਆਰ ਰਹੇ। ਧਰਨੇ ਵਿੱਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਫਸਲਾਂ ਦੇ ਲਾਹੇਬੰਦ ਰੇਟ ਨਾ ਮਿਲਣ ਕਾਰਨ ਅਤੇ ਕੁਦਰਤੀ ਕਰੋਪੀ ਨਾਲ ਹੁੰਦੇ ਫਸਲਾਂ ਦੇ ਨੁਕਸਾਨ ਕਾਰਨ ਕਿਸਾਨ ਵਰਗ ਪਹਿਲਾਂ ਹੀ ਕਰਜੇ ਦੀਆਂ ਪੰਡਾਂ ਹੇਠ ਦੱਬ ਚੁੱਕਿਆ ਹੈ।
ਇਸ ਹਾਲਤ ਵਿੱਚ ਪੰਜਾਬ ਸਰਕਾਰ ਕੇਂਦਰ ਦਾ ਬਹਾਨਾ ਬਣਾ ਕੇ ਖੇਤੀ ਮੋਟਰਾਂ ਦੇ ਬਿੱਲ ਵਸੂਲਣੇ ਸ਼ੁਰੂ ਕਰੇਗੀ ਤਾਂ ਕਿਸਾਨਾਂ ਉੱਤੇ ਵੱਡਾ ਆਰਥਿਕ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਲ 2004 ਵਿੱਚ ਜਦੋਂ ਬਿੱਲ ਲਾਗੂ ਕੀਤੇ ਸੀ ਤਾਂ ਉਦੋਂ ਵੀ ਬੀ.ਕੇ.ਯੂ. ਉਗਰਾਹਾਂ ਅਤੇ ਕਿਸਾਨ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਮਾਨਾਵਾਲਾ ਰੇਲਵੇ ਸਟੇਸ਼ਨ ਤੇ ਅਣਮਿੱਥੇ ਸਮੇਂ ਲਈ ਰੇਲਾਂ ਰੋਕ ਕੇ ਪੰਜਾਬ ਸਰਕਾਰ ਨੂੰ ਬਿੱਲ ਵਸੂਲਣ ਦਾ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਸ ਮੋਰਚੇ ਵਿੱਚ ਪੁਲਿਸ ਵੱਲੋਂ ਗੋਲੀ ਚਲਾ ਕੇ ਇੱਕ ਨੌਜਵਾਨ ਸ਼ਹੀਦ ਕਰ ਦਿੱਤਾ ਸੀ ਇਸ ਲਈ ਪੰਜਾਬ ਸਰਕਾਰ ਉਹੋ ਜਿਹੇ ਹਾਲਾਤ ਦੁਬਾਰਾ ਨਾ ਬਣਾਵੇ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ 16 ਘੰਟੇ ਰੋਜ਼ਾਨਾ ਦਿੱਤੀ ਜਾਵੇ, ਢਾਈ ਏਕੜ ਤੱਕ ਮਾਲਕ ਕਿਸਾਨਾਂ ਨੂੰ ਖੇਤੀ ਮੋਟਰ ਕੁਨੈਕਸ਼ਨ ਤੁਰੰਤ ਦਿੱਤੇ ਜਾਣ। ਇਸੇ ਦੌਰਾਨ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੀ ਆੜ ਵਿੱਚ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਆਰਥਿਕ ਨੀਤੀਆਂ ਧੜੱਲੇ ਨਾਲ ਲਾਗੂ ਕਰ ਰਹੇ ਹਨ ਜਿਸ ਵਿੱਚ ਬਿਜਲੀ ਬੋਰਡ ਸਮੇਤ ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ ਵੀ ਸ਼ਾਮਲ ਹੈ।
ਕੇਂਦਰ ਵੱਲੋਂ ਐਲਾਨ ਕੀਤੇ ਪੈਕੇਜ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਆਮ ਲੋਕਾਂ ਨੂੰ ਦੇਣ ਲਈ ਕੁੱਝ ਵੀ ਨਹੀਂ ਹੈ। ਇਸ ਮੌਕੇ ਭੋਲਾ ਸਿੰਘ ਮਾਖਾ ਚਹਿਲਾਂ ਨੇ ਮੰਗ ਕੀਤੀ ਕਿ ਕੋਰੋਨਾ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਸਰਕਾਰ ਇਲਾਜ ਅਤੇ ਸਾਂਭ-ਸੰਭਾਲ ਦਾ ਖੁਦ ਪ੍ਰਬੰਧ ਕਰੇ, ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਆਪਣੇ ਕਬਜੇ ਵਿੱਚ ਲਵੇ, ਆਰ.ਐਮ.ਪੀ. ਡਾਕਟਰਾਂ ਨੂੰ ਪੂਰੀ ਤਰ੍ਹਾਂ ਮਾਨਤਾ ਦਿੱਤੀ ਜਾਵੇ। ਇਸ ਮੌਕੇ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਭਾਨ ਸਿੰਘ ਬਰਨਾਲਾ, ਹਰਿੰਦਰ ਸਿੰਘ ਟੋਨੀ, ਬਿੱਟੂ ਸਿੰਘ ਖੁਖਰ ਖੁਰਦ, ਪੱਪੀ ਸਿੰਘ ਖੋਖਰ, ਮੱਖਣ ਸਿੰਘ ਹੀਰੇਵਾਲਾ, ਕਾਕਾ ਸਿੰਘ ਰਾਮਦਿੱਤੇਵਾਲਾ ਨੇ ਵੀ ਸੰਬੋਧਨ ਕੀਤਾ।