ਮਿੱਤਰ ਸੈਨ ਸ਼ਰਮਾ
- ਪੁਲਿਸ ਪ੍ਰਸ਼ਾਸ਼ਨ ਦੇ ਭਰੋਸੇ ਉਪਰੰਤ ਉਤਰਿਆ ਥੱਲੇ
ਮਾਨਸਾ, 3 ਜੂਨ 2020 - ਜ਼ਿਲ੍ਹੇ ਦੇ ਪਿੰਡ 'ਟਿੱਬੀ ਹਰੀ ਸਿੰਘ ਵਾਲੀ' ਦੇ ਇੱਕ ਵਿਅਕਤੀ ਰੇਸ਼ਮ ਸਿੰਘ (40) ਪੁੱਤਰ ਬੋਘਾ ਸਿੰਘ ਸਵੇਰੇ ਕਰੀਬ 7 ਵਜੇ ਤੋਂ ਇੱਕ ਮੋਬਾਈਲ ਫੋਨ ਦੇ ਟਾਵਰ ਉੱਪਰ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਿਹਾ ਸੀ। ਪਿੰਡ ਦੇ ਵਾਸੀ ਜੱਗੀ ਮਾਨ ਨੇ ਦੱਸਿਆ ਕਿ ਰੇਸ਼ਮ ਸਿੰਘ ਇੱਕ ਪ੍ਰਾਈਵੇਟ ਬੱਸ 'ਤੇ ਬਤੌਰ ਕੰਡਕਟਰ ਕੰਮ ਕਰਦਾ ਹੈ ਪਰ ਲਾਕਡਾਊਨ ਦੇ ਚੱਲਦਿਆਂ ਉਸ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ, ਜਿਸ ਨਾਲ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਉਸ ਦਾ ਆਟਾ–ਦਾਲ ਸਕੀਮ ਵਾਲਾ ਕਾਰਡ ਵੀ ਕੱਟਿਆ ਗਿਆ, ਜਿਸ ਕਾਰਨ ਉਸ ਨੂੰ ਲਾਕਡਾਊਨ ਤਹਿਤ ਰਾਸ਼ਨ ਵੀ ਨਹੀਂ ਮਿਲਿਆ।ਇਸ ਤਰ੍ਹਾਂ ਆਰਥਿਕ ਤੰਗੀ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰੇਸ਼ਮ ਸਿੰਘ ਟਾਵਰ ਉੱਪਰ ਚੜ੍ਹ ਗਿਆ ਅਤੇ ਖੁਦਕੁਸ਼ੀ ਕਰਨ ਦੀ ਠਾਣ ਲਈ।ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਉਸ ਦੀਆਂ ਮੰਗਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੂੰ ਸਿਫਾਰਿਸ਼ ਕੀਤੀ ਜਾਵੇਗੀ।ਜਿਸ ਉਪਰੰਤ ਰੇਸ਼ਮ ਟਾਵਰ ਤੋਂ ਹੇਠਾਂ ਉੱਤਰ ਗਿਆ ਅਤੇ ਅਣਹੋਣੀ ਟਲ ਗਈ।ਇਸ ਮੌਕੇ ਡੀ.ਐੱਸ.ਪੀ. ਸੰਜੀਵ ਗੋਇਲ, ਐੱਸ.ਐੱਚ.ਓ. ਗੁਰਦੀਪ ਸਿੰਘ, ਏ.ਐੱਸ.ਆਈ. ਬਲਵੰਤ ਸਿੰਘ ਅਤੇ ਪਿੰਡ ਵਾਸੀ ਮੌਜ਼ੂਦ ਸਨ।