ਮਿੱਤਰ ਸੈਨ ਸ਼ਰਮਾ
ਮਾਨਸਾ, 3 ਜੂਨ 2020 - ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ ਵਿਖੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਫਾਇਰਿੰਗ ਕਰਕੇ ਆਪਣੀ ਹੀ ਭਤੀਜੀ ਨੂੰ ਜਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਇੱਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਸਰਦੂਲੇਵਾਲਾ ਵਿਖੇ ਬੀਤੇ ਦਿਨੀਂ ਦੋ ਭਰਾਵਾਂ ਜਗਜਿੰਦਰ ਸਿੰਘ ਤੇ ਹਰਵਿੰਦਰ ਸਿੰਘ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਹਰਵਿੰਦਰ ਸਿੰਘ ਖੇਤ ਦੀ ਪਹੀ 'ਚ ਮਿੱਟੀ ਸੁੱਟ ਰਿਹਾ ਸੀ, ਜਦ ਜਗਜਿੰਦਰ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਹਰਵਿੰਦਰ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਫਾਇਰ ਕਰ ਦਿੱਤਾ, ਜਿਸ ਕਾਰਨ ਉਸ ਦੀ ਆਪਣੀ ਹੀ ਭਤੀਜੀ ਜਸਕਰਮਜੀਤ ਕੌਰ ਜਖ਼ਮੀ ਹੋ ਗਈ, ਜਿਸ ਪਰਿਵਾਰ ਵੱਲੋਂ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਾਹਰ ਲਈ ਰੈਫ਼ਰ ਕਰ ਦਿੱਤਾ ਗਿਆ।
ਇਸ ਸਬੰਧੀ ਏ.ਐੱਸ.ਆਈ. ਅਵਤਾਰ ਸਿੰਘ ਨੇ ਜਗਜਿੰਦਰ ਸਿੰਘ ਦੇ ਬਿਆਨਾਂ 'ਤੇ ਹਰਵਿੰਦਰ ਸਿੰਘ, ਉਸ ਦੇ ਪੁੱਤਰਾਂ ਨਿਰਮਲ ਸਿੰਘ ਅਤੇ ਕਰਮਪ੍ਰੀਤ ਸਿੰਘ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।