ਅਸ਼ੋਕ ਵਰਮਾ
ਬਠਿੰਡਾ, 3 ਜੂਨ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਐਲਾਣੇ ਪੈਕੇਜ ਦੀ ਤੁਲਨਾ ਮੁੰਗੇਰੀ ਲਾਲ ਦੇ ਸੁਪਨਿਆਂ ਨਾਲ ਕਰਦਿਆਂ ਕਿਹਾ ਹੈ ਕਿ ਭਾਜਪਾ ਸਰਕਾਰ ਦੇਸ਼ ਦੀਆਂ ਅਸਲ ਹਕੀਕਤਾਂ ਤੋਂ ਅਣਜਾਣ ਬਣੀ ਹੋਈ ਹੈ। ਬੁੱਧਵਾਰ ਨੂੰ ਬਠਿੰਡਾ ਸ਼ਹਿਰ ਦੇ ਮਹਿਣਾ ਚੋਕ ਬਜਾਰ ਅਤੇ ਨਵੀਂ ਕਪੜਾ ਮਾਰਕਿਟ ਵਿਚ ਪੁੱਜ ਕੇ ਵਿੱਤ ਮੰਤਰੀ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਹਾਲ ਚਾਲ ਪੁੱਛਦਿਆਂ ਇਹ ਗੱਲ ਆਖੀ। ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਐਲਾਣਿਆਂ ਪੈਕੇਜ ਅਸਲ ਵਿਚ 20 ਲੱਖ ਕਰੋੜ ਦਾ ਨਹੀਂ ਹੈ ਸਗੋਂ ਇਹ ਮਹਿਜ 1.83 ਲੱਖ ਕਰੋੜ ਤੋਂ ਵੀ ਘੱਟ ਦਾ ਹੀ ਹੈ।
ਉਨ੍ਹਾਂ ਨੇ ਇਸ ਪੈਕੇਜ ਨੂੰ ਕਪਲਨਾਵਾਂ ਤੇ ਅਧਾਰਿਤ ਦੱਸਦਿਆਂ ਕਿਹਾ ਕਿ ਇਸ ਦਾ ਛੋਟੇ ਵਪਾਰੀ, ਕਿਸਾਨ ਆਦਿ ਵਰਗਾਂ ਨੂੰ ਕੋਈ ਲਾਭ ਨਹੀਂ ਹੋਣਾ ਹੈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀ ਆਪਣੀ ਦਿ੍ਰੜ ਇੱਛਾਸ਼ਕਤੀ ਨਾਲ ਕੋਵਿਡ ਕਾਰਨ ਆਈ ਮੰਦੀ ਤੇ ਫਤਿਹ ਹਾਸਲ ਕਰਨਗੇ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸੇ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਲੋਕਾਂ ਵਿਚ ਜਿੱਤ ਦਾ ਜਜਬਾ ਭਰਿਆ ਜਾ ਸਕੇ ਅਤੇ ਅਸੀਂ ਇਸ ਜੰਗ ਵਿਚ ਜਿੱਤ ਦਰਜ ਕਰ ਸਕੀਏ ਅਤੇ ਜਿੰਦਗੀ ਮੁੜ ਪਹਿਲੀ ਰਫ਼ਤਾਰ ਤੇ ਆ ਜਾਵੇ।
ਬਾਦਲ ਨੇ ਕਿਹਾ ਕਿ ਪੰਜਾਬ ਲਈ ਚੰਗੀ ਗੱਲ ਇਹ ਰਹੀ ਹੈ ਕਿ ਸੂਬੇ ਦੇ ਅਰਥਚਾਰੇ ਵਿਚ 26 ਹਜਾਰ ਕਰੋੜ ਰੁਪਏ ਕਣਕ ਦੀ ਵਿਕਰੀ ਤੋਂ, 4 ਹਜਾਰ ਕਰੋੜ ਰੁਪਏ ਆਲੂਆਂ ਤੋਂ ਅਤੇ 1 ਹਜਾਰ ਕਰੋੜ ਰੁਪਏ ਕਿੰਨੂੰ ਤੋਂ ਆਏ ਹਨ ਜਿਸ ਨਾਲ ਸੂਬੇ ਦਾ ਅਰਥਚਾਰਾ ਜਲਦੀ ਹੀ ਇਸ ਮੰਦੀ ਤੋਂ ਨਿਕਲ ਜਾਵੇਗਾ। ਉਨ੍ਹਾਂ ਨੇ ਦੁਕਾਨਕਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਪੱਧਰ ਤੇ ਉਨਾਂ ਦੀ ਮਦਦ ਲਈ ਜੋ ਕੁਝ ਵੀ ਹੋ ਸਕੇਗਾ, ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਉੁਨ੍ਹਾਂ ਨੇ ਕਿਹਾ ਕਿ ਚਾਲੂ ਮਹੀਨੇ ਦੌਰਾਨ ਬੰਦਸ਼ਾਂ ਹੋਰ ਘੱਟ ਕੀਤੀਆਂ ਜਾਣਗੀਆਂ ਪਰ ਇਸ ਦੌਰਾਨ ਸਾਡੀ ਸਭ ਦੀ ਜਿੰਮੇਵਾਰੀ ਵੀ ਉਨੀ ਹੀ ਵੱਧ ਜਾਂਦੀ ਹੈ ਕਿ ਅਸੀਂ ਡਾਕਟਰਾਂ ਵੱਲੋਂ ਦਿੱਤੀਆਂ ਸਲਾਹਾਂ ਦਾ ਪਾਲਣ ਕਰਦੇ ਰਹੀਏ। ਉਨਾਂ ਨੇ ਕਿਹਾ ਕਿ ਸਾਡੇ ਦਿ੍ਰੜ ਇਰਾਦਿਆਂ ਨਾਲ ਇਹ ਯਕੀਨੀ ਹੈ ਕਿ ਸਾਡੇ ਮੁਲਕ ਵਿਚ ਫਿਰ ਬਹਾਰਾਂ ਮੁੜਣਗੀਆਂ।
ਇਸ ਦੌਰਾਨ ਵਿੱਤ ਮੰਤਰੀ ਨੇ ਕੱਪੜਾ ਮਾਰਕਿਟ ਵਿਚ ਸਕਿਊਰਟੀ ਗਾਰਡਜ਼ ਅਤੇ ਚਾਹ ਦਾ ਠੇਲਾ ਲਗਾਉਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਕੋਵਿਡ ਸੰਕਟ ਦੌਰਾਨ ਲੋਕ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਲਈ ਉਨਾਂ ਦੀ ਸਲਾਘਾ ਕੀਤੀ। ਉਨ੍ਹਾਂ ਨੂੰ ਬਜਾਰ ਵਿਚ ਬਹੁਤ ਸਾਰੇ ਲੋਕ ਆਪਣੀਆਂ ਮੁਸਕਿਲਾਂ ਲੈ ਕੇ ਮਿਲੇ। ਜਿਸ ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਦੇ ਨਾਲ ਕੇੇਕੇ ਅਗਰਵਾਲ, ਅਰੁਣ ਵਧਾਵਨ, ਪਵਨ ਮਾਨੀ, ਰਾਜਨ ਗਰਗ, ਮੋਹਨ ਲਾਲ ਝੂੰਬਾ, ਰਾਜੂ ਭੱਠੇਵਾਲਾ ਅਤੇ ਬਲਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।