ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਖ਼ਿਲਾਫ਼ ਜੰਗ ਵਿਚ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ: ਐਸ.ਐਸ.ਪੀ.
- ਸਾਈਕਲ ਰੈਲੀ ਦਾ ਮੁੱਖ ਮਕਸਦ ਫਰੀਦਕੋਟ ਵਾਸੀਆਂ ਨੂੰ ਕਰੋਨਾ ਖ਼ਿਲਾਫ਼ ਜਾਗਰੂਕ ਕਰਨਾ : ਢੇਸੀ
ਫਰੀਦਕੋਟ, 3 ਜੂਨ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਅੱਜ ਫਰੀਦਕੋਟ ਪੁਲਿਸ ਵੱਲੋਂ ਵਿਸ਼ਵ ਬਾਈਸਾਈਕਲ ਦਿਵਸ 'ਤੇ ਜੁਡੀਸ਼ਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ।
ਜਿਸ ਵਿੱਚ ਫਰੀਦਕੋਟ ਪੁਲਿਸ ਦੇ 150 ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਸਾਈਕਲ ਰੈਲੀ ਦਾ ਹਿੱਸਾ ਬਣਕੇ ਕਰੋਨਾ ਖ਼ਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ।ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਲਲਿਤ ਗੁਪਤਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕੋਰੋਨਾ ਖ਼ਿਲਾਫ਼ ਜੰਗ ਲਈ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ ਅਤੇ ਅੱਜ ਫਰੀਦਕੋਟ ਪੁਲਿਸ ਜੁਡੀਸ਼ਰੀ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਈਕਲ ਰੈਲੀ ਅੰਤਰਰਾਸ਼ਟਰੀ ਸਾਈਕਲ ਦਿਵਸ ਮੌਕੇ ਫਰੀਦਕੋਟ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ। ਜਿਸ ਵਿੱਚ ਵਾਰ-ਵਾਰ ਹੱਥ ਧੋਣ, ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਜਨਤਕ ਸਥਾਨਾਂ 'ਤੇ ਥੁੱਕਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਉਨ੍ਹਾ ਕਿਹਾ ਕੋਰੋਨਾ ਦੇ ਸੰਕਟ ਸਮੇ ਫਰੀਦਕੋਟ ਪੁਲਿਸ ਦਿਨ-ਰਾਤ ਫਰੀਦਕੋਟ ਵਾਸੀਆਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਕੌਂਸਲ, ਸਫ਼ਾਈ ਕਰਮਚਾਰੀ ਸਾਰੇ ਹੀ ਇਸ ਮਹਾਂਮਾਰੀ ਸਮੇਂ ਲੋਕਾਂ ਦੀ ਸੁਰੱਖਿਆ ਲਈ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਲਾਕਡਾਊਨ ਖਤਮ ਹੋ ਚੁੱਕਾ ਹੈ ਪਰ ਕਰੋਨਾ ਦਾ ਖਤਰਾ ਹਾਲੇ ਵੀ ਮੌਜੂਦ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ 'ਤੇ ਕਰੋਨਾ ਖ਼ਿਲਾਫ਼ ਜੰਗ ਲੜਨੀ ਪਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਅੱਜ ਮਿਸ਼ਨ ਫ਼ਤਿਹ ਤਹਿਤ ਕਰਵਾਈ ਗਈ ਸਾਈਕਲ ਰੈਲੀ ਨੂੰ ਸੀ ਜੇ ਐਮ ਮੈਡਮ ਰਾਜਵੰਤ ਕੌਰ ਅਤੇ ਐਸ ਐਸ ਪੀ ਸ ਮਨਜੀਤ ਸਿੰਘ ਢੇਸੀ ਵੱਲੋਂ ਸਰਕਟ ਹਾਊਸ ਫਰੀਦਕੋਟ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ । ਇਹ ਸਾਈਕਲ ਰੈਲੀ ਭਾਈ ਘਨੱਈਆ ਚੌਂਕ, ਨਹਿਰੂ ਮਾਰਕਿਟ, ਕੰਮੇਆਣਾ ਚੌਂਕ,ਮੋਰੀ ਗੇਟ,ਡੋਗਰ ਬਸਤੀ ਸਮੇਤ ਸਾਰੇ ਸ਼ਹਿਰ ਦਾ ਚੱਕਰ ਲਗਾਉਂਦੇ ਹੋਏ ਥਾਣਾ ਸਿਟੀ ਕੋਤਵਾਲੀ ਹਾਊਸ ਵਿਖੇ ਸਮਾਪਤ ਹੋਈ ਹੈ।
ਇਸ ਮੌਕੇ ਸੁਪਰਡੈਂਟ ਐਸ ਪੀ ਸੇਵਾ ਸਿੰਘ ਮੱਲੀ,ਡੀ ਐਸ ਪੀ ਸ ਗੁਰਪ੍ਰੀਤ ਸਿੰਘ ਅਤੇ ਪਰਵੀਨ ਕਾਲਾ,ਦਵਿੰਦਰ ਸਿੰਘ, ਰਾਜਿੰਦਰ ਦਾਸ ਰਿੰਕੂ ਆਦਿ ਸਮਾਜ ਸੇਵੀ ਵੀ ਹਾਜ਼ਰ ਸਨ ।ਐਸ ਐਚ ਓ ਸਿਟੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਇਸ ਰੈਲੀ ਵਿੱਚ ਭਾਗ ਲੈਣ ਵਾਲੇ ਪੁਲਿਸ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।